ਬਹਿਬਲ ਕਲਾਂ ਮਾਮਲੇ 'ਚ ਡੀ.ਜੀ.ਪੀ. ਸੈਣੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ: ਖਹਿਰਾ
Monday, Jan 28, 2019 - 09:36 AM (IST)

ਬੱਸੀ ਪਠਾਣਾਂ/ਫਤਿਹਗੜ੍ਹ ਸਾਹਿਬ (ਰਾਜਕਮਲ, ਜਗਦੇਵ)—ਬਹਿਬਲ ਕਲਾਂ 'ਚ ਸ਼ਾਂਤਮਈ ਧਰਨੇ ਦੌਰਾਨ ਗੋਲੀਆਂ ਮਾਰ ਕੇ 2 ਨੌਜਵਾਨਾਂ ਨੂੰ ਮਾਰਨ ਕਰਨ ਵਾਲੇ ਸਾਰੇ ਪੁਲਸ ਅਫਸਰਾਂ 'ਤੇ 302 ਅਧੀਨ ਦਰਜ ਕਰ ਕੇ ਸਮੇਤ ਤੱਤਕਾਲੀ ਨ ਡੀ. ਜੀ. ਪੀ. ਪੰਜਾਬ ਸੁਮੇਧ ਸਿੰਘ ਸੈਣੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਏਕਤਾ ਪਾਰਟੀ ਦੇ ਕੌਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ।
ਖਹਿਰਾ ਨੇ ਕਿਹਾ ਕਿ ਇਸ ਮਾਮਲੇ 'ਚ ਦਾਗੀ ਪੁਲਸ ਅਫਸਰਾਂ ਨੂੰ ਬਚਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਏਕਤਾ ਪਾਰਟੀ ਵਲੋਂ ਆਪਣੇ ਤਿਆਰ ਕੀਤੇ ਜਾਣ ਵਾਲੇ ਚੋਣ ਮੈਨੀਫੈਸਟੋ ਨੂੰ ਚੋਣ ਕਮਿਸ਼ਨ ਕੋਲ ਹਲਫੀਆ ਬਿਆਨ ਰਾਹੀਂ ਦੇਵੇਗਾਂ ਤੇ ਜੇਕਰ ਅਸੀਂ ਆਪਣੇ ਕੀਤੇ ਵਾਅਦਿਆਂ ਨੂੰ ਪੂਰੇ ਕਰਨ 'ਚ ਅਸਫਲ ਰਹੇ ਤਾਂ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ।
ਖਹਿਰਾ ਇੱਥੇ ਖਰੜ-ਮੁਹਾਲੀ ਸੀਵਰੇਜ ਦਾ ਗੰਦਾ ਪਾਣੀ ਇਤਿਹਾਸਕ ਜ਼ਿਲਾ ਫਤਿਹਗੜ੍ਹ ਸਾਹਿਬ ਵੱਲ ਪਿਛਲੇ 2 ਸਾਲਾਂ ਤੋਂ ਨਿਰੰਤਰ ਵਧਣ ਕਾਰਨ ਕਿਸਾਨਾਂ ਦੀਆਂ ਬਰਬਾਦ ਹੋ ਰਹੀਆਂ ਫਸਲਾਂ ਤੇ ਇਲਾਕੇ 'ਚ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦੇ ਮਾਮਲੇ ਦਾ ਨਿਰੀਖਣ ਬੱਸੀ ਪਠਾਣਾਂ 'ਚ ਨੇੜਲੇ ਚੁੰਨੀ-ਮੋਰਿੰਡਾ ਤੇ ਪੈਂਦੇ ਪਿੰਡਾਂ ਦਾ ਦੌਰਾ ਕਰਨ ਲਈ ਪਹੁੰਚੇ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਤਾਂ ਵੱਡੇ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ ਸਮੇਤ ਵੱਡੀ ਗਿਣਤੀ 'ਚ ਪ੍ਰਭਾਵਿਤ ਪਿੰਡ ਨਿਵਾਸੀ ਵੀ ਹਾਜ਼ਰ ਸਨ।