ਬਹਿਬਲ ਕਾਂਡ : ਪੁਲਸ ਵੱਲੋਂ ਅਦਾਲਤ ''ਚ ਅਧੂਰੀ ਸਟੇਟਸ ਰਿਪੋਰਟ ਪੇਸ਼
Thursday, Nov 30, 2017 - 07:58 AM (IST)
ਫ਼ਰੀਦਕੋਟ (ਹਾਲੀ) - ਅਕਤੂਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹੁ ਚਰਚਿਤ ਬਹਿਬਲ ਕਾਂਡ 'ਚ ਅਣਪਛਾਤੀ ਪੁਲਸ ਖਿਲਾਫ਼ ਥਾਣਾ ਬਾਜਾਖਾਨਾ 'ਚ ਦਰਜ ਹੋਏ ਕਤਲ ਤੇ ਇਰਾਦਾ-ਏ-ਕਤਲ ਦੇ ਮਾਮਲੇ 'ਚ ਅਦਾਲਤ ਦੇ ਹੁਕਮ ਤੋਂ ਬਾਅਦ ਵੀ ਪੁਲਸ ਨੇ ਮੁਕੰਮਲ ਰਿਪੋਰਟ ਅਦਾਲਤ 'ਚ ਪੇਸ਼ ਨਹੀਂ ਕੀਤੀ। ਪੁਲਸ ਦੀ ਸਟੇਟਸ ਰਿਪੋਰਟ ਨਾਲ ਅਸਹਿਮਤ ਹੁੰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਸ਼ਵੈਤਾ ਦਾਸ ਨੇ ਪੁਲਸ ਨੂੰ ਹਦਾਇਤ ਕੀਤੀ ਹੈ ਕਿ ਉਹ 29 ਜਨਵਰੀ ਤੱਕ ਸਮੁੱਚੇ ਮਾਮਲੇ ਦੀ ਮੁਕੰਮਲ ਰਿਪੋਰਟ ਅਦਾਲਤ ਸਾਹਮਣੇ ਪੇਸ਼ ਕਰੇ।
ਜਾਣਕਾਰੀ ਅਨੁਸਾਰ ਥਾਣਾ ਬਾਜਾਖਾਨਾ ਦੇ ਐੱਸ. ਐੱਚ. ਓ. ਨੇ ਇਲਾਕਾ ਮੈਜਿਸਟ੍ਰੇਟ ਦੇ ਹੁਕਮ 'ਤੇ ਸਟੇਟਸ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਸੀ। ਪੁਲਸ ਨੇ ਦਾਅਵਾ ਕੀਤਾ ਕਿ ਬਹਿਬਲ ਕਾਂਡ ਦੌਰਾਨ ਚੱਲੀ ਗੋਲੀ 'ਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਪੜਤਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਠਿੰਡਾ ਰੋਡ 'ਤੇ ਪਿੰਡ ਬਹਿਬਲ ਨਜ਼ਦੀਕ ਸਿੱਖ ਸੰਗਤਾਂ ਪੰਜਾਬ ਸਰਕਾਰ ਅਤੇ ਪੁਲਸ ਖਿਲਾਫ਼ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਨ, ਜਿਨ੍ਹਾਂ ਉਪਰ ਪੁਲਸ ਨੇ ਗੋਲੀ ਚਲਾ ਦਿੱਤੀ ਸੀ। ਇਸ ਗੋਲੀ ਕਾਂਡ 'ਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ ਸੀ। ਜ਼ਿਲਾ ਪੁਲਸ ਨੇ ਇਸ ਮਾਮਲੇ 'ਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਤੇ ਨਾ ਹੀ ਕਿਸੇ ਪੁਲਸ ਅਧਿਕਾਰੀ ਨੂੰ ਦੋਸ਼ੀ ਵਜੋਂ ਐੱਫ. ਆਈ. ਆਰ. 'ਚ ਨਾਮਜ਼ਦ ਕੀਤਾ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਡਾਇਰੈਕਟਰ ਨੇ ਉੱਚ ਪੱਧਰੀ ਪੜਤਾਲ ਤੋਂ ਬਾਅਦ ਅਣਪਛਾਤੀ ਪੁਲਸ ਖਿਲਾਫ਼ ਮਾਮਲੇ ਦਰਜ ਕੀਤੇ ਸੀ। ਜਸਟਿਸ ਜ਼ੋਰਾ ਸਿੰਘ ਦੀ ਜਾਂਚ ਦੌਰਾਨ ਵੀ ਕਿਸੇ ਪੁਲਸ ਮੁਲਾਜ਼ਮ ਜਾਂ ਅਧਿਕਾਰੀ ਨੂੰ ਗੋਲੀ ਕਾਂਡ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਜਾਂਚ ਦੌਰਾਨ ਕਿਸੇ ਪੁਲਸ ਅਧਿਕਾਰੀ ਦਾ ਨਾਂ ਸਾਹਮਣੇ ਆ ਸਕਿਆ।
ਉਧਰ ਸਰਕਾਰ ਤੇ ਪੁਲਸ ਵੱਲੋਂ ਦੋਸ਼ੀਆਂ ਖਿਲਾਫ਼ ਲੰਬਾ ਸਮਾਂ ਕਾਰਵਾਈ ਨਾ ਹੋਣ ਤੋਂ ਪ੍ਰੇਸ਼ਾਨ ਪੀੜਤ ਪਰਿਵਾਰਾਂ ਨੇ ਕਥਿਤ ਦੋਸ਼ੀਆਂ ਖਿਲਾਫ਼ ਅਦਾਲਤ 'ਚ ਇਸਤਗਾਸਾ ਦਾਇਰ ਕਰ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪੀੜਤਾਂ ਦੇ ਵਕੀਲ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਕੇਸ 'ਚ ਹੁਣ ਤੱਕ ਕਰੀਬ ਅੱਧੀ ਦਰਜਨ ਗਵਾਹ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਗਵਾਹਾਂ ਨੇ ਆਪਣੇ ਬਿਆਨਾਂ 'ਚ ਆਈ. ਜੀ. ਪੱਧਰ ਦੇ ਆਈ. ਪੀ. ਐੱਸ. ਅਧਿਕਾਰੀ ਨੂੰ ਵੀ ਗੋਲੀ ਕਾਂਡ ਲਈ ਦੋਸ਼ੀ ਠਹਿਰਾਇਆ ਹੈ।
