ਪੰਥ ਤੇ ਗ੍ਰੰਥ ਦੀ ਬੇਅਦਬੀ ਰੋਕਣ ਲਈ SGPC ਦੀਆਂ ਚੋਣਾਂ ’ਚ ਬਾਦਲਾਂ ਨੂੰ ਲਾਭੇ ਕਰਨਾ ਜਰੂਰੀ : ਭਾਈ ਰਣਜੀਤ ਸਿੰਘ

Sunday, Oct 11, 2020 - 07:03 PM (IST)

ਪੰਥ ਤੇ ਗ੍ਰੰਥ ਦੀ ਬੇਅਦਬੀ ਰੋਕਣ ਲਈ SGPC ਦੀਆਂ ਚੋਣਾਂ ’ਚ ਬਾਦਲਾਂ ਨੂੰ ਲਾਭੇ ਕਰਨਾ ਜਰੂਰੀ : ਭਾਈ ਰਣਜੀਤ ਸਿੰਘ

ਭਵਾਨੀਗੜ੍ਹ (ਕਾਂਸਲ) :- ਸਿੱਖਾਂ ਦੀਆਂ ਪੰਥਕ ਰਵਾਇਤਾ ਨੂੰ ਖ਼ਤਮ ਕਰਕੇ ਪੰਥ ਤੇ ਗ੍ਰੰਥ ਦੀ ਬੇਅਦਬੀ ਕੀਤੀ ਜਾ ਰਹੀ ਹੈ। ਜਿਸ ਨੂੰ ਬਚਾਉਣ ਲਈ 12 ਸਾਲ ਬਾਅਦ ਹੋਣ ਜਾ ਰਹੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਬਾਦਲਾਂ ਨੂੰ ਲਾਭੇ ਕਰਨ ਲਈ ਹਰੇਕ ਸਿੱਖ ਆਪਣੀ ਵੋਟ ਬਣਾਵੇ ਤਾਂ ਜੋ ਸਿੱਖ ਕੌਮ ’ਚ ਚੱਲ ਰਹੀਆਂ ਕੁਰੀਤੀਆਂ ਤੇ ਕਮੀਆਂ ਨੂੰ ਖ਼ਤਮ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀਂ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਿਨ ਕਰਦਿਆਂ ਹੋਏ ਕੀਤੇ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਸਟਿਸ ਐਸ. ਐਸ. ਸਾਰੋਂ ਨੂੰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਹੋ ਜਾਣ ਤੋਂ ਬਾਅਦ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਲਈ ਉਨ੍ਹਾਂ ਨੇ ਪੂਰੀ ਦੁਨੀਆ ਅਤੇ ਦੇਸ਼ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਧਰਮ ਨੂੰ ਬਚਾਈਏ। ਅਪਣੀ ਅਣਖ਼ ਨੂੰ ਫ਼ਿਰ ਤੋਂ ਜਗਾਈਏ ਕਿਉਂਕਿ ਪਿਉ-ਪੁੱਤਰ ਦੋਨੋਂ ਬਾਦਲ ਸਿੱਖੀ ਦਾ ਘਾਣ ਕਰਦਿਆਂ ਹੋਇਆ ਆਪਣੇ ਪਰਿਵਾਰ ਦੇ ਭਲੇ ਲਈ ਗੁਰੂ ਦੀ ਗੋਲਕ ਦਾ ਰੁਪਿਆ, ਗੁਰੂ ਘਰ ਦੀਆਂ ਜ਼ਮੀਨਾਂ ਸਭ ਕੁਝ ਹੜੱਪ ਕਰ ਲਿਆ ਹੈ।

ਸਥਿਤੀ ਇਹ ਬਣੀ ਹੋਈ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਨ੍ਹਾਂ ਦੀ ਕੁਠਪੁਤਲੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਵੇਲੇ ਸਿੱਖਾਂ ਦੇ ਕੀਮਤੀ 200 ਸਰੂਪ ਹੱਥ ਲਿਖ਼ਤਾਂ, ਦਸਮ ਗ੍ਰੰਥ, 28 ਰਹਿਤ ਨਾਮੇ, 2 ਜਨਮ ਸਾਖ਼ੀਆ ਜੋ ਸੀ.ਬੀ.ਆਈ. ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆ ਸੀ। ਪਰ ਪ੍ਰਬੰਧਕ ਕਮੇਟੀ ਦੀ ਲਾਪ੍ਰਵਾਹੀ ਅਤੇ ਨਲਾਇਕੀ ਕਾਰਨ ਨਹੀਂ ਮਿਲ ਰਹੀਆਂ। ਗੁਰਦੁਆਰਾ ਕਮੇਟੀ ਪਿਛਲੇ 22 ਸਾਲਾਂ ਤੋਂ ਜਾਂਚ-ਪੜਤਾਲ ਕਮੇਟੀ ਬਣਾਕੇ ਇਸ ਸਬੰਧੀ ਜਾਂਚ ਕਰਨ ਦੀਆਂ ਝੂਠੀਆ ਤਸੱਲੀਆਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਸ ਕਰਕੇ ਸਿੱਖਾਂ ਨੂੰ ਇਨਸਾਫ਼ ਨੂੰ ਨਹੀਂ ਮਿਲ ਰਿਹਾ।

PunjabKesari

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਪਾਵਨ ਸਰੂਪਾਂ ਜੋ ਕਿ ਪਹਿਲਾ 267 ਕਹਿੰਦੇ ਸੀ ਤੇ ਫ਼ਿਰ 328 ਸਰੂਪਾਂ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਬਾਦਲਾਂ ਦੇ ਇਸ਼ਾਰਿਆਂ ’ਤੇ ਝੂਠ ਬੋਲਕੇ ਦੁਨੀਆਂ ਨੂੰ ਬੇਵਕੂਫ਼ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਵੱਲੋਂ ਜੋ ਸੀ.ਏ. ਰੱਖਿਆ ਹੋਇਆ ਹੈ ਉਹ ਗੁਰੂ ਦੀ ਗੋਲਕ ’ਚੋਂ 8 ਲੱਖ ਰੁਪਏ ਮਹੀਨਾ ਲੈਂਦਾ ਹੈ ਤੇ ਹਿਸਾਬ ਕਿਤਾਬ ਬਾਦਲਾਂ ਦੀਆਂ ਚੱਲਦੀਆਂ ਬੱਸਾਂ ਦਾ ਕਰਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਨੌਜ਼ਵਾਨ ਪੀੜ੍ਹੀ ਅਤੇ ਸਿੱਖ ਧਰਮ, ਪੰਥ ਅਤੇ ਗ੍ਰੰਥ ਨੂੰ ਬਚਾਉਣ ਲਈ 3 ਸਾਲ ਪਹਿਲਾਂ ਬਣਾਈ ਗਈ ਪੰਥਕ ਅਕਾਲੀ ਲਹਿਰ ਦਾ ਸਾਥ ਦਿੰਦਿਆਂ ਆਪਣੀਆ ਵੋਟਾਂ ਬਣਾਉਣ ਅਤੇ ਲੋਕ ਭਲਾਈ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ’ਚ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਜੋ ਪੰਥ ਅਤੇ ਗ੍ਰੰਥ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਹੋਣ ਉਨ੍ਹਾਂ ਨੂੰ ਜਿਤਾਉਣ।

ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿੱਖ ਸਿਧਾਂਤਾਂ ਨੂੰ ਬਚਾ ਕੇ ਗੁਰੂ ਦੀ ਗੋਲਕ ਨਾਲ ਗਰੀਬ ਬੱਚਿਆਂ ਦੇ ਲਈ ਪੜ੍ਹਾਈ ਦਾ ਵਧੀਆ ਪ੍ਰਬੰਧ, ਵਿਧਵਾ ਤੇ ਬੇਸਹਾਰਾ ਔਰਤਾਂ ਦੀ ਸਹਾਇਤਾ, ਗੁਰੂ ਰਾਮ ਦਾਸ ਹਸਪਤਾਲ ’ਚ ਫ਼ਰੀ ਇਲਾਜ, ਗੁਰੂ ਘਰ ਦੀਆਂ ਕਾਬਜ ਕੀਤੀਆ ਜ਼ਮੀਨਾਂ ਨੂੰ ਛੁਡਵਾਉਣ, ਕੀਤੇ ਗਏ ਘਪਲਿਆ ਨੂੰ ਬਾਹਰ ਕੱਢਣ ਤੋਂ ਇਲਾਵਾ ਜੋ ਵੀ ਯਾਤਰੂ ਸ੍ਰੀ ਹਰਮਿੰਦਰ ਸਾਹਿਬ ਜਾਂਦਾ ਹੈ ਉਸ ਨੂੰ ਰਾਤ ਰਹਿਣ ਲਈ ਕਮਰੇ ਮਿਲਣ।

PunjabKesariਇਸ ਮੌਕੇ ਮਲਕੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ,  ਜਥੇਦਾਰ ਇੰਦਰਜੀਤ ਸਿੰਘ ਤੂਰ, ਨਰਿੰਦਰ ਪਾਲ ਸਿੰਘ, ਗੁਰਤੇਜ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਬਲਕਾਰ ਸਿੰਘ, ਜਗਦੀਸ ਸਿੰਘ ਬਲਿਆਲ, ਡਾ ਅਵਤਾਰ ਸਿੰਘ, ਮਸਿੰਦਰ ਸਿੰਘ, ਅਵਤਾਰ ਸਿੰਘ ਤੂਰ, ਚੇਤਵੰਤ ਸਿੰਘ ਸਰਪੰਚ ਸੰਘਰੇੜ੍ਹੀ, ਗੁਰਦੀਪ ਸਿੰਘ ਕਾਲਾਝਾੜ, ਰਾਜਿੰਦਰ ਸਿੰਘ ਛੰਨਾ ਅਤੇ ਗੁਰਵਿੰਦਰ ਸਿੰਘ ਸੱਗੂ ਤੋਂ ਇਲਾਵਾ ਭਾਰੀ ਗਿਣਤੀ ’ਚ ਸਿੱਖ ਸੰਗਤ ਮੌਜੂਦ ਸੀ।


author

Harinder Kaur

Content Editor

Related News