ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸਿਆਸੀ ਜ਼ਮੀਨ ਤਿਆਰ ਕਰਦੇ ਹਨ ਬਾਦਲ : ਜੀ. ਕੇ

06/13/2020 9:12:27 PM

ਜਲੰਧਰ/ਨਵੀਂ ਦਿੱਲੀ, (ਚਾਵਲਾ, ਪਾਂਡੇ)- ਖ਼ਾਲਿਸਤਾਨ ਦੇ ਮਸਲੇ ਉੱਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਬਿਆਨ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਚੁੱਪ ਉੱਤੇ ‘ਜਾਗੋ’ ਪਾਰਟੀ ਨੇ ਸਵਾਲ ਚੁੱਕੇ ਹਨ। ਨਾਲ ਹੀ ਖ਼ਾਲਿਸਤਾਨ ਦੇ ਮਾਮਲੇ ਨੂੰ ਉਭਾਰਨ ਦੇ ਪਿੱਛੇ ਅਕਾਲੀ ਦਲ ਦੀ ਸੋਚ ਦਾ ਵੀ ਖ਼ੁਲਾਸਾ ਕੀਤਾ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਜੂਨ 2020 ਨੂੰ ਸ਼੍ਰੀ ਦਰਬਾਰ ਸਾਹਿਬ ਪਰਿਸਰ, ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਮੀਡੀਆ ਨੂੰ ਖ਼ਾਲਿਸਤਾਨ ਦੇ ਹੱਕ ਵਿਚ ਦਿੱਤੇ ਗਏ ਬਿਆਨ ਦੇ ਪਿੱਛੇ ਅਕਾਲੀ ਦਲ ਦੇ ਆਗੂਆਂ ਦੀਆਂ ਸਿੱਖਾਂ ਉੱਤੇ ਆਪਣੀ ਪਕੜ ਬਣਾਉਣ ਦੀ ਸੋਚ ਹੋਣ ਦਾ ਵੀ ਦਾਅਵਾ ਕੀਤਾ ਹੈ।

ਜੀਕੇ ਨੇ ਕਿਹਾ ਕਿ ਸਿੱਖਾਂ ਵਿਚ ਆਪਣਾ ਆਧਾਰ ਖੋਹ ਚੁੱਕੇ ਅਕਾਲੀ ਆਗੂਆਂ ਨੂੰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਨੂੰ ਹਾਰਨ ਦਾ ਡਰ ਸਤਾਉਂਦਾ ਪਇਆ ਹੈ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅਤੀਤ ਸ਼ੁਰੂ ਤੋਂ ਹੀ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਲਾ ਰਿਹਾ ਹੈ। ਚਾਹੇ ਉਹ 1978 ਵਿਚ ਨਿਰੰਕਾਰੀਆਂ ਦੇ ਖ਼ਿਲਾਫ਼ ਸਿੱਖਾਂ ਨੂੰ ਲਾਮਬੰਦ ਕਰਨ ਦੇ ਬਾਅਦ 13 ਸਿੱਖਾਂ ਦੀ ਹੱਤਿਆ ਕਰਵਾਉਣ ਬਾਅਦ ਨਿਰੰਕਾਰੀ ਮੁਖੀ ਦੇ ਬਰੀ ਹੋਣ ਵਿਚ ਵੱਡੀ ਭੂਮਿਕਾ ਨਿਭਾਉਣ ਦਾ ਹੋਵੇ ਜਾਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਵੇਲੇ ਆਪਣੇ ਸਾਥੀਆਂ ਨੂੰ ਹੱਥ ਖੜ੍ਹੇ ਕਰਵਾ ਕਰ ਕੇ ਬਾਹਰ ਲਿਆਉਣ ਦੇ ਬਾਅਦ ਫ਼ੌਜ ਵਿਚ ਕਾਰਜ ਕਰਦੇ ਸਿੱਖਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਬੈਰਕਾਂ ਨੂੰ ਛੱਡਣ ਲਈ ਉਕਸਾਉਣ ਦਾ ਹੋਵੇ। ਬਾਦਲ ਦੀ ਭੂਮਿਕਾ ਹਮੇਸ਼ਾ ਸਿੱਖਾਂ ਨੂੰ ਟੁੰਬ ਅਤੇ ਮਰਵਾ ਕਰ ਕੇ ਉਸ ਉੱਤੇ ਆਪਣੀ ਸਿਆਸਤ ਚਮਕਾਉਣ ਦੀ ਰਹੀ ਹੈ। ਇਸ ਲਈ ਜਥੇਦਾਰ ਦੇ ਬਿਆਨ ਉੱਤੇ ਬਾਦਲਾਂ ਦੀ ਚੁੱਪੀ ਸਧਾਰਣ ਗੱਲ ਨਹੀਂ ਹੈ।

ਜੀਕੇ ਨੇ ਕਿਹਾ ਕਿ ਅਕਾਲੀ ਦਲ ਦੇ 2017 ਦੇ ਪੰਜਾਬ ਵਿਧਾਨਸਭਾ ਅਤੇ 2019 ਦੇ ਲੋਕ-ਸਭਾ ਚੋਣਾਂ ਮੋਦੀ ਲਹਿਰ ਹੋਣ ਦੇ ਬਾਵਜੂਦ ਬੁਰੀ ਤਰਾਂ ਹਾਰਨ ਦੇ ਪਿੱਛੇ ਸਿੱਖਾਂ ਦਾ ਅਕਾਲੀ ਦਲ ਤੋਂ ਮੋਹ ਭੰਗ ਹੋਣਾ ਵੱਡਾ ਕਾਰਨ ਸੀ। ਬਾਦਲ ਪਰਿਵਾਰ ਨੂੰ ਇਸ ਗੱਲ ਦਾ ਸਾਫ਼ ਖ਼ਦਸ਼ਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਚੋਣ ਜਲਦੀ ਹੋਈ ਤਾਂ ਉਨ੍ਹਾਂ ਦੀ ਪਾਰਟੀ ਦਾ ਸੂਪੜਾ ਸਾਫ਼ ਹੋ ਜਾਵੇਗਾ। ਇਸ ਗੱਲ ਨੂੰ ਸਮਝ ਦੇ ਹੋਏ ਬਾਦਲ ਪਰਵਾਰ ਵੱਲੋਂ ਜਥੇਦਾਰ ਤੋਂ ਉਹ ਗੱਲ ਮੀਡੀਆ ਦੇ ਸਾਹਮਣੇ ਕਹਾਈ ਗਈ ਲੱਗਦੀ ਹੈ, ਜੋ ਕਿ ਜਥੇਦਾਰ ਵੱਲੋਂ ਕੁੱਝ ਦੇਰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਿੱਤੇ ਗਏ ਭਾਸ਼ਣ ਦਾ ਹਿੱਸਾ ਨਹੀਂ ਸੀ ਅਤੇ ਨਾਲ ਹੀ ਉਸ ਬਿਆਨ ਦਾ ਸਮਰਥਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕਰਵਾਇਆ ਗਿਆ। ਕਿਉਂਕਿ ਜਥੇਦਾਰ ਵੱਲੋਂ ਕੌਮ ਦੇ ਨਾਮ ਸੁਨੇਹੇ ਦੇ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਲ ਮੀਡੀਆ ਨੂੰ ਸੰਬੋਧਿਤ ਕਰਨ ਦਾ ਇਤਿਹਾਸ ਵੀ ਨਹੀਂ ਰਿਹਾ ਹੈ, ਇਸ ਲਈ ਦਾਲ ਵਿਚ ਕੁੱਝ ਕਾਲ਼ਾ ਲੱਗਦਾ ਹੈ। ਇਕ ਗੱਲ ਹੋਰ ਜੋ ਸ਼ੰਕਾ ਪੈਦਾ ਕਰਦੀ ਹੈ, ਉਹ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਜਥੇਦਾਰ ਦੇ ਮੀਡੀਆ ਨੂੰ ਸੰਬੋਧਨ ਦਾ ਸੱਦਾ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਜਾਰੀ ਕਰਨਾ। ਪਰ ਇੰਨੇ ਵੱਡੇ ਮਸਲੇ ਉੱਤੇ ਅਕਾਲੀ ਦਲ ਦੇ ਵੱਡੇ ਆਗੂ ਹੁਣੇ ਤੱਕ ਚੁੱਪ ਹਨ। ਹੈਰਾਨੀ ਇਸ ਗੱਲ ਉੱਤੇ ਵੀ ਹੈ ਕਿ ਜਥੇਦਾਰ ਨੇ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਹੋਣ ਦੀ ਗੱਲ ਕੀਤੀ ਸੀ, ਪਰ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਜਥੇਦਾਰ ਦੇ ਬਿਆਨ ਉੱਤੇ ਕੋਈ ਪ੍ਰਤੀਕਰਮ ਹੁਣ ਤੱਕ ਨਹੀਂ ਦਿੱਤਾ ਹੈ।

5 ਗੁਰਧਾਮਾਂ ਨੂੰ ਜੋੜੇਗਾ ਦਿੱਲੀ-ਕਟੜਾ ਐਕਸਪ੍ਰੈੱਸ ਵੇਅ

ਮਨਜੀਤ ਸਿੰਘ ਜੀ. ਕੇ. ਨੇ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਕਟਰਾ ਤੱਕ ਬਣਾਏ ਜਾ ਰਹੇ ਐਕਸਪ੍ਰੇਸ ਹਾਈਵੇਅ ਵਿੱਚ ਅੰਮ੍ਰਿਤਸਰ ਅਤੇ ਹੋਰ ਸਿੱਖ ਗੁਰਧਾਮਾਂ ਨੂੰ ਸ਼ਾਮਿਲ ਕਰਨ ਦੀ ਦਿੱਤੀ ਗਈ ਮਨਜ਼ੂਰੀ ਲਈ ਮੋਦੀ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਾਂਗਰਸ ਦੀ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਪ੍ਰਸਤਾਵਿਤ ਰੂਟ ਨੂੰ ਬਦਲ ਕੇ ਅੰਮ੍ਰਿਤਸਰ ਸ਼ਹਿਰ ਨੂੰ ਹਟਾ ਦਿੱਤਾ ਸੀ। ਪਰ ਹੁਣ ਦੁਬਾਰਾ ਤੋਂ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੇਂਦਰ ਸਰਕਾਰ ਨੇ ਐਕਸਪ੍ਰੇਸ ਹਾਈਵੇਅ ਦੇ ਰੂਟ ਵਿੱਚ ਸੰਸ਼ੋਧਨ ਕਰ ਕੇ ਸ਼ਾਨਦਾਰ ਕਾਰਜ ਕੀਤਾ ਹੈ। ਹੁਣ ਨਵੇਂ ਰੂਟ ਦੇ ਨਾਲ ਦਿੱਲੀ ਦੇ ਸਿੱਖ ਸ਼ਰਧਾਲੂ 5 ਸਿੱਖ ਗੁਰਧਾਮਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਦਰਸ਼ਨ ਇਸ ਐਕਸਪ੍ਰੇਸ ਹਾਈਵੇਅ ਦੀ ਸਹਾਇਤਾ ਨਾਲ ਕਰ ਸਕਣਗੇ। ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੋਂ ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਨੂੰ ਵੀ ਇਹ ਡੇਰਾ ਬਾਬਾ ਨਾਨਕ ਤੱਕ ਪਹੁੰਚਾਏਗਾ। ਟਿੱਕੇ ਅਤੇ ਜਨੇਊ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਲੇ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਮਹਾਨ ਤਪ ਸਥਾਨ ਬਾਬਾ ਬਕਾਲਾ ਸਾਹਿਬ ਤੱਕ ਪਹੁੰਚਣਾ ਵੀ ਸਿੱਖ ਸ਼ਰਧਾਲੂਆਂ ਲਈ ਇਸ ਐਕਸਪ੍ਰੇਸ ਹਾਈਵੇਅ ਜਰੀਏ ਆਸਾਨ ਹੋ ਜਾਵੇਗਾ। ਦਿੱਲੀ ਦੀ ਸੰਗਤ ਲਈ ਇਹ ਵੱਡਾ ਤੋਹਫ਼ਾ ਹੈ, ਜੋ ਗੁਰੂਘਰ ਜਾਣ ਵਿਚ ਸਮਾਂ ਅਤੇ ਸੋਮਿਆਂ ਦੋਨਾਂ ਨੂੰ ਬਚਾਏਗਾ।


Bharat Thapa

Content Editor

Related News