ਬਾਦਲਾਂ ਦੇ ''ਹਵਾਈ ਗੇੜਿਆਂ'' ਦਾ ਖਰਚਾ ਨਹੀਂ ਛੱਡ ਰਿਹੈ ਪਿੱਛਾ!

Wednesday, Dec 26, 2018 - 12:24 PM (IST)

ਬਾਦਲਾਂ ਦੇ ''ਹਵਾਈ ਗੇੜਿਆਂ'' ਦਾ ਖਰਚਾ ਨਹੀਂ ਛੱਡ ਰਿਹੈ ਪਿੱਛਾ!

ਚੰਡੀਗੜ੍ਹ : ਬਾਦਲਾਂ ਨੂੰ ਸੱਤਾ ਤੋਂ ਉਤਰਿਆ ਭਾਵੇਂ ਹੀ 2 ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਉਨ੍ਹਾਂ ਦੇ ਬਾਲਾਸਰ ਫਾਰਮ ਅਤੇ ਬਾਬਿਆਂ ਦੇ ਡੇਰਿਆਂ ਦੇ ਹਵਾਈ ਗੇੜਿਆਂ ਦਾ ਖਰਚਾ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਪਹਿਲਾਂ ਸਫਾਈ ਦਿੱਤੀ ਸੀ ਕਿ ਇਹ ਸਾਰੇ ਹਵਾਈ ਗੇੜੇ ਲੋਕ ਹਿੱਤ 'ਚ ਲਾਏ ਗਏ ਸਨ ਪਰ ਇਸ ਨਾਲ ਮਹਾਲੇਖਾਕਾਰ (ਕੈਗ) ਦੀ ਤਸੱਲੀ ਨਹੀਂ ਹੋਈ। ਵਿਭਾਗ ਵਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ 'ਕੈਗ' ਨੇ ਆਪਣੇ ਲੇਖੇ-ਜੋਖੇ 'ਚ ਇਨ੍ਹਾਂ ਖਰਚਿਆਂ 'ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਕਤੂਬਰ ਮਹੀਨੇ 'ਚ 'ਕੈਗ' ਨੇ ਆਪਣੇ ਨੋਟ 'ਚ ਕਿਹਾ ਸੀ ਕਿ ਵਿਭਾਗ ਵਲੋਂ ਦਿੱਤਾ ਗਿਆ ਸਪੱਸ਼ਟੀਕਰਨ ਤਸੱਲੀਬਖਸ਼ ਨਹੀਂ ਹੈ।

ਬਾਦਲਾਂ ਨੇ ਆਪਣੇ ਹੈਲੀਕਾਪਟਰ ਝੂਟਿਆਂ 'ਤੇ ਕਰੀਬ 157 ਕਰੋੜ ਰੁਪਏ ਖਰਚ ਦਿੱਤੇ ਸਨ। ਰੋਪੜ ਦੇ ਆਰ. ਟੀ. ਆਈ. ਕਾਰਕੁੰਨ ਦਿਨੇਸ਼ ਚੱਢਾ ਨੇ ਸ਼ਿਕਾਇਤ ਕੀਤੀ ਸੀ ਕਿ ਬਿੱਲਾਂ ਅਤੇ ਹੈਲੀਕਾਪਟਰ ਦੀਆਂ ਲਾਗ ਬੁੱਕਾਂ 'ਚ ਉਡਾਣਾਂ ਦੇ ਮੰਤਵ ਵਾਲਾ ਖਾਨਾ ਖਾਲੀ ਛੱਡ ਦਿੱਤਾ ਜਾਂਦਾ ਰਿਹਾ ਹੈ। ਇਸ 'ਤੇ 'ਕੈਗ' ਨੇ 2013 ਤੋਂ 2016 ਦਰਮਿਆਨ ਰਿਕਾਰਡ ਦੀ ਛਾਣਬੀਣ ਕਰਕੇ ਪਾਇਆ ਕਿ ਇਸ ਦੌਰਾਨ ਹਵਾਈ ਉਡਾਣਾਂ 'ਤੇ 26 ਕਰੋੜ ਰੁਪਿਆ ਖਰਚ ਕੀਤਾ ਗਿਆ ਸੀ।

ਦੂਜੇ ਪਾਸੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇਹ ਕਹਿ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਵੀ. ਵੀ. ਆਈ. ਪੀਜ਼ ਨੂੰ ਸਮਰੱਥ ਅਧਿਕਾਰੀਆਂ ਤੋਂ ਮਿਲੇ ਹੁਕਮਾਂ ਮੁਤਾਬਕ ਹੀ ਹੈਲੀਕਾਪਟਰ ਮੁਹੱਈਆ ਕਰਾਇਆ ਸੀ ਤੇ ਉਡਾਣ ਦਾ ਮੰਤਵ ਸਰਕਾਰੀ ਕੰਮਕਾਜ ਤੱਕ ਸੀਮਤ ਸੀ ਅਤੇ ਉਡਾਣ ਤੋਂ ਬਾਅਦ ਪ੍ਰਵਾਨਗੀ ਲਈ ਟੂਰ ਨੋਟ ਸਬੰਧਿਤ ਅਧਿਕਾਰੀਆਂ ਨੂੰ ਭਿਜਵਾ ਦਿੱਤਾ ਗਿਆ ਸੀ। ਦਿਨੇਸ਼ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਵਿਰੋਧੀ ਧਿਰ 'ਚ ਹੁੰਦਿਆਂ ਬਾਦਲ ਪਰਿਵਾਰ ਵਲੋਂ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ 'ਤੇ ਬਹੁਤ ਹੱਲਾ ਮਚਾਇਆ ਸੀ ਪਰ ਹੁਣ ਸ਼ਹਿਰੀ ਹਵਾਬਾਜ਼ੀ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਹੈ ਤੇ ਵਿਭਾਗ ਵਲੋਂ 'ਕੈਗ' ਨੂੰ ਭੇਜੇ ਗਏ ਜਵਾਬ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦਾ ਪੂਰਾ ਜ਼ੋਰ ਬਾਦਲਾਂ ਨੂੰ ਬਚਾਉਣ 'ਤੇ ਲੱਗਿਆ ਹੋਇਆ ਹੈ। 
 


author

Babita

Content Editor

Related News