ਲੰਬੀ ਨੇ 2014 ਵਾਂਗ ਮੁੜ ਰੱਖੀ ਬਾਦਲ ਪਰਿਵਾਰ ਦੀ ਲਾਜ, 63 ਪਿਡਾਂ ''ਚੋਂ ਮਿਲੀ ਲੀਡ
Friday, May 24, 2019 - 01:08 PM (IST)

ਲੰਬੀ/ਮਲੋਟ (ਜੁਨੇਜਾ) - ਬਾਦਲ ਪਰਿਵਾਰ ਦੀ ਰਵਾਇਤੀ ਸੀਟ ਬਣ ਕੇ 6 ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਇਕ ਵਾਰ ਗੁਰਦਾਸ ਸਿੰਘ ਬਾਦਲ ਅਤੇ ਇਕ ਵਾਰ ਬਾਦਲ ਦੇ ਚਚੇਰੇ ਭਰਾ ਹਰਦੀਪ ਇੰਦਰ ਸਿੰਘ ਬਾਦਲ ਨੂੰ ਵਿਧਾਇਕ ਵਜੋਂ ਮਾਨ ਦੇਣ ਵਾਲੇ ਹਲਕਾ ਲੰਬੀ ਨੇ ਦਹਾਕਿਆਂ ਤੋਂ ਇਸ ਪਰਿਵਾਰ ਨੂੰ ਮਾਣ ਦਿੱਤਾ ਹੈ। ਇਸ ਹਲਕੇ ਨੇ ਔਖੇ ਸਮੇਂ ਬਾਦਲਾਂ ਦੇ ਇੱਜਤ ਸਨਮਾਣ ਦੀ ਰਾਖੀ ਕੀਤੀ ਹੈ। ਜਾਣਕਾਰੀ ਅਨੁਸਾਰ 2014 'ਚ ਜਦੋਂ ਦੂਜੀ ਵਾਰ ਬਠਿੰਡਾ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਸੁਖਬੀਰ ਬਾਦਲ ਦੀ ਧਰਮ ਪਤਨੀ ਚੋਣ ਲੜ ਰਹੇ ਸਨ ਤਾਂ ਹਵਾਂ ਪੂਰੀ ਤਰ੍ਹਾਂ ਇਸ ਪਰਿਵਾਰ ਦੇ ਖਿਲਾਫ਼ ਝੁੱਲ ਚੁੱਕੀ ਸੀ। ਹਰਸਿਮਰਤ ਬਾਦਲ ਉਸ ਸਮੇਂ ਮਹਿਜ 19404 ਵੋਟਾਂ ਦੇ ਮਾਮੂਲੀ ਫਰਕ ਨਾਲ ਮਨਪ੍ਰੀਤ ਬਾਦਲ ਤੋਂ ਚੋਣ ਜਿੱਤੀ ਸੀ ਤਾਂ ਬਠਿੰਡਾ 'ਚ 7 ਵਿਧਾਨ ਸਭਾ ਹਲਕਿਆਂ 'ਚੋਂ ਉਹ ਪਛੜ ਗਏ ਸਨ।
ਇਕ ਸਰਦੂਲਗੜ੍ਹ ਅਤੇ ਦੂਜਾ ਲੰਬੀ 'ਚੋਂ ਮਿਲੀ 34 ਹਜ਼ਾਰ ਤੋਂ ਵੱਧ ਦੀ ਲੀਡ ਨੇ ਬੀਬੀ ਬਾਦਲ ਦੀ ਡੁੱਬ ਰਹੀ ਬੇੜੀ ਨੂੰ ਕਿਨਾਰੇ ਲਾਇਆ ਸੀ। ਇਸ ਵਾਰ ਫਿਰ ਬੀਬੀ ਬਾਦਲ ਸਿਰਫ 21399 ਵੋਟਾਂ ਦੇ ਫਰਕ ਨਾਲ ਜਿੱਤੀ ਹੈ ਤਾਂ ਫਿਰ ਲੰਬੀ ਹਲਕੇ 'ਚੋਂ ਮਿਲੀ 16 ਹਜ਼ਾਰ 125 ਵੋਟਾਂ ਦੀ ਲੀਡ ਨੇ ਉਸ ਨੂੰ ਵੱਡਾ ਸਹਾਰਾ ਦਿੱਤਾ ਹੈ। ਇਸ ਨਤੀਜੇ ਸਬੰਧੀ ਆਈਆਂ ਰਿਪੋਰਟਾਂ ਵਿਚ ਭਾਵੇਂ ਕੁੱਲ 9 ਹਲਕਿਆਂ 'ਚੋਂ ਬੀਬੀ ਬਾਦਲ ਪੰਜ ਹਲਕੇ ਭੁੱਚੋਂ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਬੁਢਲਾਡਾ ਹਲਕੇ 'ਚ ਆਪਣੀ ਵਿਰੋਧੀ ਰਾਜਾ ਵੜਿੰਗ ਤੋਂ ਅੱਗੇ ਰਹੀ। ਲੰਬੀ ਦੇ 73 ਪਿੰਡਾਂ 'ਚੋਂ 63 'ਚ ਹਰਸਿਮਰਤ ਨੂੰ ਵੱਡੀ ਲੀਡ ਹਾਸਲ ਹੋਈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਹੁਰੇ ਪਿੰਡ ਬਾਦਲ ਨੇ ਉਨ੍ਹਾਂ ਦੀ ਸਭ ਤੋਂ ਵੱਧ ਲਾਜ ਰੱਖੀ, ਜਿਥੇ ਹਰਸਿਮਰਤ ਬਾਦਲ ਨੂੰ 867 ਵੋਟਾਂ ਮਿਲੀਆਂ। ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੰਬੀ ਹਲਕੇ ਅੰਦਰ 10 ਪਿੰਡਾਂ 'ਚ ਵੋਟ ਵਧੀ, ਜਿਸ 'ਚ ਪੰਨੀਵਾਲਾ ਫੱਤਾ ਤੋਂ 120 ਵੋਟ, ਕੱਟਿਆਵਾਲੀ ਤੋਂ 11 ਵੋਟਾਂ, ਫਰੀਦਕੋਰਾ ਤੋਂ 100 ਵੋਟ, ਫਤਿਹੁਪੁਰ ਮੰਨੀਆਂ ਤੋਂ 143 ਵੋਟਾਂ, ਖੁੱਡੀਆਂ ਮਹਾਂ ਸਿੰਘ ਤੋਂ 102 ਵੋਟਾਂ, ਭਾਗੂ ਤੋਂ 39 ਵੋਟਾਂ ਲਾਲਬਾਈ ਤੋਂ 215 ਦੀ ਲੀਡ ਮਿਲੀ। ਰਾਜਾ ਵੜਿੰਗ ਨੂੰ ਸਭ ਤੋਂ ਵੱਧ ਬੁਰਜ ਸਿੱਧਵਾਂ ਤੋਂ 285 ਵੋਟਾਂ, ਸਭ ਤੋਂ ਘੱਟ ਕੰਗਣਖੇੜਾ ਤੋਂ 9 ਵੋਟਾਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ. ਐੱਸ. ਡੀ. ਗੁਰਚਰਨ ਸਿੰਘ ਦੇ ਪਿੰਡ ਡੱਬਵਾਲੀ ਢਾਬ ਤੋਂ 135 ਵੋਟਾਂ ਦੀ ਲੀਡ ਮਿਲੀ