...ਤੇ ਅਕਾਲੀ ਦਲ ਤੋਂ ਸੰਕਟ ਦੇ ''ਬੱਦਲ'' ਹਟਾਵੇਗੀ ''ਬਾਦਲ ਜੋੜੀ''!

03/26/2019 6:18:56 PM

ਚੰਡੀਗੜ੍ਹ : ਪੰਜਾਬ 'ਚ ਗੋਲੀਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ 'ਤੇ ਮੰਡਰਾ ਰਹੇ ਸਿਆਸੀ ਸੰਕਟ ਦੇ ਬੱਦਲਾਂ ਨੂੰ 'ਬਾਦਲ ਜੋੜੀ' ਵਲੋਂ ਹਟਾਉਣ ਦੀ ਤਿਆਰੀ ਕੱਸੀ ਜਾ ਰਹੀ ਹੈ। ਦਰਅਸਲ ਪਾਰਟੀ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ 'ਚ ਉਤਾਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਦਲ ਦੇ ਪ੍ਰਧਾਨ ਚੋਣ ਮੈਦਾਨ 'ਚ ਹੋਣਗੇ ਤਾਂ ਇਸ ਨਾਲ ਕਈ ਤਰ੍ਹਾਂ ਦੇ ਸਮੀਕਰਣ ਬਦਲਣ ਦਾ ਅੰਦਾਜ਼ਾ ਹੈ। ਦੂਜੇ ਪਾਸੇ ਪਾਰਟੀ ਕਾਡਰਾਂ 'ਚ ਵੀ ਇਸ ਨਾਲ ਜੋਸ਼ ਭਰਿਆ ਜਾਵੇਗਾ।
ਅਕਾਲੀ ਦਲ ਵਲੋਂ ਲੁਧਿਆਣਾ ਅਤੇ ਫਰੀਦਕੋਟ ਹਲਕਿਆਂ ਤੋਂ ਬਿਨਾਂ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਂ ਲਗਭਗ ਤੈਅ ਕਰ ਲਏ ਹਨ ਪਰ ਨਵੀਂ ਰਣਨੀਤੀ ਮੁਤਾਬਕ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ 'ਚ ਉਤਾਰਨ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਪਾਰਟੀ ਨੂੰ ਮੁੜ ਤੋਂ ਖੜ੍ਹੀ ਕਰਨ ਅਤੇ ਲੋਕਾਂ 'ਚ ਮਜ਼ਬੂਤ ਆਧਾਰ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਸੁਰੱਖਿਅਤ ਸਮਝੇ ਜਾਂਦੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜਾਈ ਜਾਣ 'ਤੇ ਵਿਚਾਰ ਹੋ ਰਿਹਾ ਹੈ, ਜਦੋਂ ਕਿ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਪਹਿਲੇ ਹਲਕੇ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਚਰਚਾ ਚੱਲ ਰਹੀ ਹੈ।
ਸੀਨੀਅਰ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਬੇਅਦਬੀ ਤੇ ਗੋਲੀਕਾਂਡ ਦੇ ਪਰਛਾਵਿਆਂ ਕਾਰਨ ਦਿਹਾਤੀ ਖੇਤਰ ਵਿਚਲਾ ਵਰਕਰ ਪਿਛਲੇ ਸਮੇਂ ਤੋਂ ਮਾਯੂਸੀ 'ਚ ਹੈ। ਅਕਾਲੀ ਦਲ ਆਉਣ ਵਾਲੀ ਚੋਣਾਂ ਦੌਰਾਨ 'ਕਰੋ ਜਾਂ ਮਰੋ' ਦੀ ਲੜਾਈ ਲੜਨ ਦੇ ਰੌਅ 'ਚ ਹੈ ਕਿਉਂਕਿ ਪਾਰਟੀ ਅੰਦਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਸਦੀ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਾ ਦਿਖਾਈ ਜਾ ਸਕੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਹੱਥੋਂ ਜਾ ਸਕਦੀਆਂ ਹਨ। 


Babita

Content Editor

Related News