ਧੰਨਾ ਬਸਤੀ ਦੇ ਵਸਨੀਕ ਗੰਦਾ ਪਾਣੀ ਪੀਣ ਲਈ ਮਜਬੂਰ

Monday, Jul 23, 2018 - 08:13 AM (IST)

ਧੰਨਾ ਬਸਤੀ ਦੇ ਵਸਨੀਕ ਗੰਦਾ ਪਾਣੀ ਪੀਣ ਲਈ ਮਜਬੂਰ

 ਕੋਟਕਪੂਰਾ (ਨਰਿੰਦਰ) - ਸ਼ਹਿਰ ਦੀ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਧੰਨਾ ਬਸਤੀ ਦੇ ਵਸਨੀਕ ਪਿਛਲੇ ਇਕ ਮਹੀਨੇ ਤੋਂ ਵਾਟਰ ਵਰਕਸ ਦੇ ਪਾਣੀ ’ਚ  ਮਿਲ ਕੇ ਸਪਲਾਈ ਹੋ ਰਿਹਾ ਨਾਲੀਆਂ ਦਾ ਗੰਦਾ ਪਾਣੀ ਪੀਣ ਤੇ ਵਰਤਣ ਲਈ ਮਜਬੂਰ ਹਨ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਗਲੀ ਦੇ ਵਸਨੀਕ ਪਵਨ ਕੁਮਾਰ ਵੱਲੋਂ ਪਿਛਲੇ ਇਕ ਮਹੀਨੇ ਤੋਂ ਤਕਰੀਬਨ ਹਰ ਛੋਟੇ ਵੱਡੇ ਅਧਿਕਾਰੀ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਉਕਤ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਹੁਣ ਤਕ ਉਹ ਚਾਰ ਹਫਤਿਆਂ ’ਚ ਡੇਢ ਦਰਜਨ ਦੇ ਕਰੀਬ ਸ਼ਿਕਾਇਤਾਂ ਭੇਜ ਚੁੱਕਾ ਹੈ ਪਰ ਅਜੇ ਤਕ ਕੋਈ ਸੁਣਵਾਈ ਨਹੀਂ ਹੋਈ।
 ਪਵਨ ਕੁਮਾਰ ਨੇ ਡੇਢ ਦਰਜਨ ਤੋਂ ਵੀ ਜਿਆਦਾ ਦਸਤਖਤਾਂ ਵਾਲਾ ਸ਼ਿਕਾਇਤ ਪੱਤਰ ਦਿਖਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਹੱਲਾ ਵਾਸੀ ਵਾਟਰ ਵਰਕਸ ਤੇ ਸੀਵਰੇਜ ਵਿਭਾਗ ਦੇ ਹਰ ਅਧਿਕਾਰੀ ਨੂੰ ਮਿਲਣ ਤੋਂ ਇਲਾਵਾ ਤਹਿਸੀਲ ਅਤੇ  ਜ਼ਿਲਾ  ਅਧਿਕਾਰੀਆਂ ਨੂੰ ਵੀ ਫਰਿਆਦ ਲਗਾ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਦੱਸਿਆ ਕਿ ਘਰਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਟੂਟੀਆਂ ’ਚ ਬਦਬੂ ਮਾਰਦਾ ਗੰਦਾ ਪਾਣੀ ਕੱਪਡ਼ੇ ਜਾਂ ਭਾਂਡੇ ਧੋਣੇ ਤਾਂ ਦੂਰ ਦੀ ਗੱਲ ਪਸ਼ੂਆਂ ਨੂੰ ਨਹਾਉਣ ਲਈ  ਵੀ ਨਹੀਂ ਵਰਤਿਆ ਜਾ ਸਕਦਾ। ਉਨਾਂ ਦੱਸਿਆ ਕਿ ਜੇਕਰ ਉਕਤ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਮੁਹੱਲਾ ਵਾਸੀ ਸੀਵਰੇਜ ਤੇ ਪਾਣੀ ਦੇ ਬਿੱਲ ਭਰਨੇ ਬੰਦ ਕਰ ਦੇਣਗੇ ਅਤੇ ਮੁਹੱਲਾ ਵਾਸੀ ਅਧਿਕਾਰੀਆਂ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਵੀ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ  ਜ਼ਿਲਾ  ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਸਬੰਧ ’ਚ ਕੰਪਨੀ ਦੇ ਇਕ ਅਧਿਕਾਰੀ ਵਿਨੈ ਅਗਰਵਾਲ ਨੇ ਦੱਸਿਆ ਕਿ ਉਕਤ ਸਮੱਸਿਆ ਦਾ ਹੱਲ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News