ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਕੌਮਾਂਤਰੀ ਕਬੱਡੀ ਖਿਡਾਰੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

09/21/2019 5:24:41 PM

ਚੰਡੀਗੜ੍ਹ— ਕੌਮਾਂਤਰੀ ਕਬੱਡੀ ਖਿਡਾਰੀ ਅਤੇ ਭਾਰਤ ਦੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਬਚਿੱਤਰ ਸਿੰਘ ਢਿੱਲੋਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਢਿੱਲੋਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਉਸਦੀ ਤਲਾਕਸ਼ੁਦਾ ਪਤਨੀ ਅਨੁਪ੍ਰੀਤ ਕੌਰ ਵੱਲੋਂ ਫੈਲਾਏ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਅਨੁਪ੍ਰੀਤ ਕੌਰ ਜਦੋਂ ਪੱਟੀ ਦੀ ਐਸਡੀਐਮ ਸੀ ਤਾਂ ਉਸ ਨੇ ਪੱਟੀ ਇਲਾਕੇ ਵਿੱਚ ਨੈਸ਼ਨਲ ਹਾਈਵੇ ਵਾਸਤੇ ਅਕਵਾਇਰ ਕੀਤੀ ਜ਼ਮੀਨ ਵਿੱਚ ਭ੍ਰਿਸ਼ਟਾਚਾਰ ਕੀਤਾ ਸੀ । ਜਿਨ੍ਹਾਂ ਦੀ ਜ਼ਮੀਨ ਹੀ ਨਹੀਂ ਸੀ ਉਨ੍ਹਾਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਪੁਵਾ ਕੇ ਪੌਣੇ ਦੋ ਕਰੋੜ ਰੁਪਏ ਡਕਾਰੇ ਸਨ । ਇਸ ਮਾਮਲੇ ਵਿੱਚ ਹਫ਼ਤਾ ਪਹਿਲਾਂ ਅਨੁਪ੍ਰੀਤ ਕੌਰ ਨੂੰ ਸਸਪੈਂਡ ਵੀ ਕਰ ਦਿੱਤਾ ਹੈ ਅਤੇ ਪਰਚਾ ਵੀ ਦਰਜ ਹੋ ਗਿਆ ਹੈ ਪਰ ਅਜੇ ਵੀ ਅਨੁਪ੍ਰੀਤ ਕੌਰ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ ।

ਬਚਿੱਤਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਲੰਧਰ ਡਵੀਜ਼ਨ ਵਿੱਚ ਵੀ ਛੱਬੀ ਕਰੋੜ ਦਾ ਇਸੇ ਤਰ੍ਹਾਂ ਦਾ ਸਕੈਂਡਲ ਹੋਇਆ ਹੈ ਜਿਸ ਬਾਰੇ ਵੀ ਪਰਚਾ ਦਰਜ ਕਰਨਾ ਚਾਹੀਦਾ ਹੈ । ਜਲੰਧਰ ਡਵੀਜ਼ਨ ਦੇ ਸਕੈਂਡਲ ਵਿੱਚ ਵੀ ਅਨੁਪ੍ਰੀਤ ਕੌਰ ਦਾ ਹੱਥ ਹੈ ਪਰ ਸਬੰਧਤ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕ ਅਨੁਪ੍ਰੀਤ ਕੌਰ ਦੀ ਸਹਾਇਤਾ ਕਰ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਸ ਦੀ ਮਾਤਾ ਘਰ ਵਿੱਚ ਇਕੱਲੀ ਸੀ ਤਾਂ ਦੋ ਨੌਜਵਾਨ ਉਨ੍ਹਾਂ ਦੇ ਘਰ ਗਏ ਅਤੇ ਉਨ੍ਹਾਂ ਕਿਹਾ ਕਿ ਆਪਣੇ ਪੁੱਤ ਨੂੰ ਸਮਝਾ ਲਵੋ ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਮਾਮਲੇ ਦੀ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ ਹੈ ਪਰ ਅਜੇ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਚਿੱਤਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਅੰਦਰ ਕੀਤਾ ਜਾਵੇ ਅਤੇ ਜੋ ਅਧਿਕਾਰੀ ਤੇ ਆਗੂ ਅਨੁਪ੍ਰੀਤ ਕੌਰ ਦੀ ਸਹਾਇਤਾ ਕਰ ਰਹੇ ਹਨ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ।


Tarsem Singh

Content Editor

Related News