ਕਾਰ ਪਾਰਕਿੰਗ ਕਰਦੇ ਸਮੇਂ ਲਪੇਟ ''ਚ ਆਈ ਬੱਚੀ, ਮੌਤ

01/10/2020 4:18:34 PM

ਚੰਡੀਗੜ੍ਹ (ਸੰਦੀਪ) : 2 ਸਾਲ ਦੀ ਬੱਚੀ ਦੀ ਕਾਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਹਾਦਸਾ ਵੀਰਵਾਰ ਸਵੇਰੇ ਉਸ ਸਮੇਂ ਹੋਇਆ, ਜਦੋਂ ਬੱਚੀ ਮਨੀਮਾਜਰਾ ਸਥਿਤ ਨਿਊ ਦਰਸ਼ਨੀਬਾਗ ਦੇ ਨੇੜੇ ਪਾਰਕਿੰਗ ਏਰੀਏ 'ਚ ਖੇਡ ਰਹੀ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਗੰਭੀਰ ਜ਼ਖ਼ਮੀ ਬੱਚੀ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਮੁਲਜ਼ਮ ਨੂੰ ਮਨੀਮਾਜਰਾ ਥਾਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪੰਚਕੂਲਾ ਸੈਕਟਰ-4 ਨਿਵਾਸੀ ਢਾਬਾ ਸੰਚਾਲਕ ਪੰਕਜ (28) ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਉਸਦੀ ਕਾਰ ਨੂੰ ਵੀ ਕਬਜ਼ੇ 'ਚ ਲੈ ਲਿਆ ਹੈ।

ਖੇਡਦੇ-ਖੇਡਦੇ ਗੱਡੀ ਦੇ ਪਿੱਛੇ ਆ ਗਈ ਬੱਚੀ
ਰਾਜਕੁਮਾਰ ਆਪਣੇ ਪਰਿਵਾਰ ਦੇ ਨਾਲ ਨਿਊ ਦਰਸ਼ਨੀਬਾਗ ਦੇ ਨੇੜੇ ਝੁੱਗੀ 'ਚ ਰਹਿੰਦਾ ਹੈ ਅਤੇ ਉਸ ਦੇ ਤਿੰਨ ਬੱਚਿਆਂ 'ਚ ਗੌਰੀ ਸਭ ਤੋਂ ਛੋਟੀ ਸੀ। ਵੀਰਵਾਰ ਸਵੇਰੇ ਪੰਕਜ ਨੇ ਆਪਣੀ ਸਕਾਰਪੀਓ ਕਾਰ ਨਿਊ ਦਰਸ਼ਨੀਬਾਗ ਦੀ ਪਾਰਕਿੰਗ 'ਚ ਪਾਰਕ ਕੀਤੀ ਹੋਈ ਸੀ। 11 ਵਜੇ ਉਹ ਆਪਣੇ ਦੋਸਤ ਨਾਲ ਸਕਾਰਪੀਓ ਕਾਰ 'ਚ ਜਾਣ ਲਈ ਬੈਠਾ ਸੀ। ਇਸ ਸਮੇਂ ਅਚਾਨਕ ਗੌਰੀ ਖੇਡਦੇ ਹੋਏ ਉਨ੍ਹਾਂ ਦੀ ਕਾਰ ਦੇ ਪਿੱਛੇ ਆ ਕੇ ਖੜ੍ਹੀ ਹੋ ਗਈ। ਉਸ ਨੇ ਜਿਉਂ ਹੀ ਆਪਣੀ ਕਾਰ ਬੈਕ ਕੀਤੀ ਤਾਂ ਉਸੇ ਸਮੇਂ ਗੌਰੀ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾਕੇ ਕਾਰ ਦੇ ਹੇਠਾਂ ਆ ਗਈ ਅਤੇ ਕਾਰ ਦਾ ਪਿਛਲਾ ਟਾਇਰ ਉਸਨੂੰ ਕੁਚਲਦੇ ਹੋਏ ਉਸਦੇ ਉਪਰੋਂ ਨਿਕਲ ਗਿਆ। ਪੰਕਜ ਨੂੰ ਜਿਉਂ ਹੀ ਬੱਚੀ ਦੇ ਕਾਰ ਦੇ ਹੇਠਾਂ ਆਉਣ ਬਾਰੇ ਪਤਾ ਚੱਲਿਆ ਤਾਂ ਉਹ ਰੁਕਿਆ ਪਰ ਬਾਅਦ 'ਚ ਘਬਰਾ ਕੇ ਉੱਥੋਂ ਚਲਿਆ ਗਿਆ। ਉਥੇ ਹੀ ਆਸਪਾਸ ਦੇ ਲੋਕਾਂ ਨੇ ਤੁਰੰਤ ਇਸ ਗੱਲ ਦੀ ਸੂਚਨਾ ਪੁਲਸ ਅਤੇ ਗੌਰੀ ਦੇ ਪਰਿਵਾਰ ਨੂੰ ਦਿੱਤੀ। ਪੁਲਸ ਨੇ ਗੌਰੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਸਥਾਨ ਦੇ ਨੇੜੇ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਇਹ ਪੂਰਾ ਹਾਦਸਾ ਕੈਦ ਹੋ ਗਿਆ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਮੁਲਜ਼ਮ ਦੀ ਕਾਰ ਦਾ ਨੰਬਰ ਟਰੇਸ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ।


Anuradha

Content Editor

Related News