ਬਠਿੰਡਾ : ਬੱਚੀ ਦਾ ਗਲ ਘੁੱਟ ਕੇ ਕਤਲ ਕਰਨ ਦੇ ਮਾਮਲੇ ''ਚ ਵੱਡਾ ਖੁਲਾਸਾ
Monday, Mar 16, 2020 - 04:15 PM (IST)
ਬਠਿੰਡਾ (ਵਰਮਾ) : ਨਰਸਰੀ ਚਲਾ ਕੇ ਰੋਜ਼ੀ ਰੋਟੀ ਕਮਾਉਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪਤਨੀ ਨੇ ਆਪਣੀ ਬੱਚੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਪ੍ਰਵਾਸੀ ਮਜ਼ਦੂਰ ਨੇ ਪੁਲਸ ਨੂੰ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਜ਼ਿਲਾ ਏਟਾ ਦੇ ਪਿੰਡ ਮਹਾਰਾਮ ਦਾ ਰਹਿਣ ਵਾਲਾ ਹੈ, ਕਿਉਂਕਿ ਉਹ ਤਿੰਨ ਭਰਾ ਹਨ, ਜਿਨ੍ਹਾਂ 'ਚੋਂ ਵੱਡਾ ਭਰਾ ਮੈਦਾਨ ਸਿੰਘ, ਛੋਟਾ ਭਜਨ ਲਾਲ ਜਦਕਿ ਉਹ ਸਭ ਤੋਂ ਛੋਟਾ ਹੈ। 16 ਸਾਲ ਪਹਿਲਾਂ ਉਸ ਦੇ ਭਰਾ ਭਜਨ ਲਾਲ ਦਾ ਵਿਆਹ ਉੱਤਰ ਪ੍ਰਦੇਸ਼ ਵਾਸੀ ਰਾਜ ਕੁਮਾਰੀ ਨਾਲ ਹੋਇਆ ਸੀ, ਵਿਆਹ ਤੋਂ 4 ਸਾਲ ਬਾਅਦ ਹੀ ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਮੌਤ ਦੇ 2 ਮਹੀਨਿਆਂ ਬਾਅਦ ਪਰਿਵਾਰ ਨੇ ਮਿਲ ਕੇ ਰਾਜ ਕੁਮਾਰੀ ਦਾ ਵਿਆਹ ਉਸ ਨਾਲ ਕਰ ਦਿੱਤਾ ਅਤੇ ਉਹ ਪਤੀ-ਪਤਨੀ ਵਾਂਗ ਰਹਿਣ ਲੱਗੇ। ਰਾਜ ਕੁਮਾਰੀ ਉਸ ਵੇਲੇ ਗਰਭਵਤੀ ਸੀ ਅਤੇ ਦੋ ਮਹੀਨੇ ਬਾਅਦ ਹੀ ਉਸ ਨੂੰ ਇਕ ਬੇਟਾ ਹੋਇਆ ।
ਬੱਚੀ ਨੂੰ ਮਾਰ ਕੇ ਦੋਸ਼ੀ ਪਤੀ 'ਤੇ ਲਗਾਉਣਾ ਚਾਹੁੰਦੀ ਸੀ
ਉਸ ਤੋਂ ਬਾਅਦ ਘਰ ਚਲਦਾ ਰਿਹਾ ਅਤੇ ਉਸ ਦੀ ਪਤਨੀ ਨੇ ਫਿਰ ਦੋ ਬੇਟੀਆਂ ਨੇਹਾ ਅਤੇ ਪ੍ਰਿਆ ਅਤੇ ਇਕ ਪੁੱਤਰ ਨੂੰ ਜਨਮ ਦਿੱਤਾ। 4 ਬੱਚਿਆਂ ਨਾਲ ਉਨ੍ਹਾਂ ਦਾ ਪਰਿਵਾਰ ਚੱਲ ਰਿਹਾ ਸੀ ਪਰ ਕੁਝ ਸਮੇਂ ਬਾਅਦ ਰਾਜ ਕੁਮਾਰੀ ਉਸ ਨਾਲ ਝਗੜਾ ਕਰਨ ਲੱਗੀ ਕਿਉਂਕਿ ਉਸ ਦੇ ਮੁਕਤਸਰ ਵਾਸੀ ਸਤਨਾਮ ਸਿੰਘ ਨਾਲ ਪ੍ਰੇਮ ਸਬੰਧ ਸਨ। ਉਸ ਦੀ ਪਤਨੀ ਝਗੜਾ ਕਰ ਕੇ ਵੱਖ ਸਤਨਾਮ ਸਿੰਘ ਨਾਲ ਮਾਨਸਾ ਰੋਡ 'ਤੇ ਰਹਿਣ ਲੱਗੀ । ਉਹ ਆਪਣੇ ਬੱਚਿਆਂ ਨੂੰ ਮਿਲਣ ਅਕਸਰ ਚਲਾ ਜਾਂਦਾ ਸੀ। ਬੀਤੇ ਦਿਨੀਂ ਉਹ ਆਪਣੇ ਬੱਚਿਆਂ ਨੂੰ ਮਿਲਣ ਗਿਆ ਤਾਂ ਦੇਖਿਆ ਕਿ ਰਾਜ ਕੁਮਾਰੀ ਆਪਣੀ 3 ਸਾਲਾ ਬੱਚੀ ਦਾ ਗਲ ਘੁੱਟ ਰਹੀ ਸੀ ਜਦਕਿ ਉਹ ਤੜਫ ਰਹੀ ਸੀ। ਬੱਚੀ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੀ ਪਤਨੀ ਨੇ ਉਸ ਦਾ ਕਤਲ ਕਰ ਕੇ ਦੋਸ਼ ਉਸ 'ਤੇ ਲਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਔਰਤ ਨੇ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਅਤੇ ਕਿਹਾ ਕਿ ਸੱਤ ਪ੍ਰਕਾਸ਼ ਨੇ ਹੀ ਬੱਚੀ ਦਾ ਗਲ ਘੁੱਟ ਕੇ ਮਾਰ ਦਿੱਤਾ ਹੈ। ਉਹ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਬੁਲਾਉਣ ਚਲਾ ਗਿਆ ਉਦੋਂ ਤੱਕ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਜਾਇਆ ਜਾ ਚੁੱਕਾ ਸੀ। ਹਸਪਤਾਲ ਪਹੁੰਚ ਕੇ ਉਸਨੇ ਪੁਲਸ ਨੂੰ ਸਾਰੀ ਕਹਾਣੀ ਦੱਸੀ ਅਤੇ ਪੁਲਸ ਨੇ ਉਸ ਦੀ ਸ਼ਿਕਾਇਤ ਦਰਜ ਕਰ ਲਈ।
ਇਹ ਵੀ ਪੜ੍ਹੋ : ਪੱਠੇ ਕੁਤਰਦਿਆਂ ਟੋਕੇ ਦੀ ਲਪੇਟ 'ਚ ਆਈ ਔਰਤ
ਮਾਂ ਦੀ ਗਰਦਨ ਦੇ ਕੋਲ ਸਨ ਖਰੋਚਾਂ ਦੇ ਨਿਸ਼ਾਨ
ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਪ੍ਰਮੁੱਖ ਰਵਿੰਦਰ ਸਿੰਘ ਨੇ ਸੂਚਨਾ ਮਿਲਦੇ ਹੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਬੱਚੀ ਦੀ ਲਾਸ਼ ਨੂੰ ਚੰਗੀ ਤਰ੍ਹਾਂ ਦੇਖਿਆ। ਉਨ੍ਹਾਂ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਬੱਚੀ ਦੀ ਉਂਗਲੀ ਦਾ ਇਕ ਨਹੁੰ ਟੁੱਟਿਆ ਹੋਇਆ ਸੀ। ਸ਼ਾਇਦ ਬੱਚੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਬੂਤ ਇਕੱਠਾ ਕਰਨ ਅਤੇ ਪੁੱਛਗਿਛ ਲਈ ਬੱਚੀ ਦੇ ਮਾਤਾ-ਪਿਤਾ ਨੂੰ ਹਿਰਾਸਤ 'ਚ ਲਿਆ ਗਿਆ ਸੀ। ਦੋਵਾਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ ਗਈ ਤਾਂ ਪ੍ਰਵਾਸੀ ਮਜ਼ਦੂਰ ਨੇ ਉਥੇ ਜੋ ਦੇਖਿਆ ਦੱਸਿਆ, ਜਦਕਿ ਬੱਚੀ ਦੀ ਮਾਂ ਨੇ ਉਹੀ ਰਟਿਆ ਰਟਾਇਆ ਜਵਾਬ ਦਿੱਤਾ ਕਿ ਉਸ ਦੇ ਪਤੀ ਨੇ ਹੀ ਬੱਚੀ ਨੂੰ ਮਾਰਿਆ ਹੈ। ਥਾਣਾ ਪ੍ਰਮੁੱਖ ਨੇ ਦੱਸਿਆ ਕਿ ਜਦੋਂ ਗੰਭੀਰਤਾ ਨਾਲ ਔਰਤ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੀਆਂ ਅੱਖਾਂ 'ਚ ਡਰ ਸੀ, ਪੁਲਸ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਜਾਂਚ 'ਚ ਦੇਖਿਆ ਗਿਆ ਕਿ ਰਾਜਕੁਮਾਰੀ ਦੀ ਗਰਦਨ ਕੋਲ ਖਰੋਚਾਂ ਦੇ ਨਿਸ਼ਾਨ ਸੀ। ਜਦੋਂ ਮਹਿਲਾ ਪੁਲਸ ਨੇ ਸਖਤੀ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਮੁਲਜ਼ਮ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਬੱਚੀ ਨੂੰ ਮਾਰ ਕੇ ਉਸਦਾ ਦੋਸ਼ ਸੱਤਪ੍ਰਕਾਸ਼ 'ਤੇ ਲਾਉਣਾ ਚਾਹੁੰਦੀ ਸੀ ਤਾਂ ਕਿ ਉਸ ਨੂੰ ਰਸਤੇ ਤੋਂ ਹਟਾਇਆ ਜਾ ਸਕੇ।
ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!