ਬੱਬੂ ਮਾਨ ਦੇ ਅਖਾੜੇ ’ਚ ਅਚਾਨਕ ਪੈ ਗਿਆ ਗਾਹ, ਪੁਲਸ ਨੇ ਹੁਲੜਬਾਜਾਂ ’ਤੇ ਵਰ੍ਹਾ''ਤੀਆਂ ਡਾਂਗਾ

Monday, Apr 21, 2025 - 10:38 PM (IST)

ਬੱਬੂ ਮਾਨ ਦੇ ਅਖਾੜੇ ’ਚ ਅਚਾਨਕ ਪੈ ਗਿਆ ਗਾਹ, ਪੁਲਸ ਨੇ ਹੁਲੜਬਾਜਾਂ ’ਤੇ ਵਰ੍ਹਾ''ਤੀਆਂ ਡਾਂਗਾ

ਮੁਲਾਂਪੁਰ ਦਾਖਾ (ਨਰਿੰਦਰ) : ਬੱਦੋਵਾਲ ਵਿਖੇ ਕਰਵਾਏ ਕਬੱਡੀ ਕੱਪ ’ਤੇ ਭੀੜ ਜਮਾਉਣ ਲਈ ਬੁਲਾਏ ਗਏ ਉੱਘੇ ਲੋਕ ਗਾਇਕ ਬੱਬੂ ਮਾਨ ਦੇ ਚੱਲਦੇ ਅਖਾੜੇ ’ਚ ਹੁਲੜਬਾਜ਼ਾਂ ਨੇ ਸ਼ਰਾਬ ਪੀ ਕੇ ਖੁੱਲ੍ਹ ਕੇ ਹੁਲੜਬਾਜ਼ੀ ਕੀਤੀ ਤੇ ਪੁਲਸ ਕਰਮਚਾਰੀਆਂ ’ਤੇ ਕੁਰਸੀਆਂ ਅਤੇ ਬੋਤਲਾਂ ਸੁੱਟਣੀਆਂ ਸ਼ੁਰੂ ਕੀਤੀਆਂ, ਜਿਸ ਦਾ ਸਖ਼ਤ ਨੋਟਿਸ ਲੈਂਦਿਆਂ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਖੁਦ ਸਟੇਜ ’ਤੇ ਚੜ੍ਹ ਕੇ ਬੱਬੂ ਮਾਨ ਤੋਂ ਮਾਈਕ ਫੜ ਕੇ ਹੁਲੜਬਾਜ਼ਾਂ ਨੂੰ ਨੱਥ ਪਾਉਣ ਲਈ ਪੁਲਸ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ। ਇਸ ਮਗਰੋਂ ਪੁਲਸ ਕਰਮਚਾਰੀਆਂ ਨੇ ਹੁਲੜਬਾਜਾਂ 'ਤੇ ਲਾਠੀਚਾਰਜ ਕਰ ਕੇ ਹੁੱਲੜਬਾਜ਼ਾਂ ਨੂੰ ਖਦੇੜਿਆ। ਉਥੇ ਹੁਲੜਬਾਜ਼ਾਂ ਦੀ ਵੀਡੀਓ ਬਣਾਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਆਦੇਸ਼ ਵੀ ਦਿੱਤਾ। 

PunjabKesari

ਮੇਲੇ 'ਚ ਮਾਹੌਲ ਖ਼ਰਾਬ ਹੁੰਦੇ ਵੇਖ ਕੇ ਡੀ.ਐੱਸ.ਪੀ. ਨੇ ਕਰੀਬ 10 ਵਜੇ ਰਾਤੀ ਮੇਲਾ ਬੰਦ ਕਰਨ ਦਾ ਹੁਕਮ ਦਿੰਦਿਆਂ ਬੱਬੂ ਮਾਨ ਦਾ ਅਖਾੜਾ ਬੰਦ ਕਰਵਾ ਦਿੱਤਾ। ਇਸ ਮੌਕੇ ਡੀ ਐਂਸ ਪੀ ਖੋਸਾ ਨੇ ਕਿਹਾ ਕਿ ਖੇਡ ਮੇਲੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਨ ਲਈ ਕਰਵਾਏ ਜਾਂਦੇ ਹਨ। ਇੱਥੇ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਬੇਖੌਫ ਹੜਕੰਮ ਮਚਾ ਰਹੇ ਹਨ, ਇਹ ਕਿਹੋ ਜਿਹਾ ਮੇਲਾ ਹੈ ਜਿੱਥੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਕਿਸੇ ਵੀ ਕੀਮਤ 'ਤੇ ਅਨੁਸ਼ਾਸਨ ਭੰਗ ਨਹੀਂ ਹੋਣ ਦੇਵੇਗਾ। ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਹੁਲੜਬਾਜ਼ਾ ਦੀ ਵੀਡੀਓ ਰਾਹੀਂ ਪਹਿਚਾਣ ਕਰਕੇ ਐੱਸ.ਐੱਚ.ਓ ਅੰਮ੍ਰਿਤਪਾਲ ਸਿੰਘ ਇਨ੍ਹਾਂ ਹੁਲੜਬਾਜ਼ਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੇ ਹਨ ਤੇ ਜਲਦੀ ਇਹ ਹੁਲੜਬਾਜ਼ ਜੇਲ੍ਹ ਦੀਆਂ ਸ਼ਲਾਖਾ ਪਿੱਛੇ ਹੋਣਗੇ। 

ਥਾਣਾ ਮੁੱਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੇਲਾ ਪ੍ਰਬੰਧਕਾਂ ਤੋਂ ਜਾਣਕਾਰੀ ਲੈ ਕੇ ਹੁਲੜਬਾਜ਼ਾਂ ਨੂੰ ਗ੍ਰਿਫਤਾਰ ਕਰਨ ਲਈ ਵੀਡੀਓਗ੍ਰਾਫੀ ਅਤੇ ਕੈਮਰਿਆਂ ਦੀ ਮਦਦ ਨਾਲ ਪਹਿਚਾਣ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਖੇਡ ਮੇਲਿਆਂ 'ਚ ਹੁਲੜਬਾਜ਼ਾਂ ਦਾ ਸ਼ਰਾਬ ਪੀ ਕੇ ਅਜਿਹਾ ਕਰਨਾ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਹੁਲੜਬਾਜ਼ ਘਟੀਆ ਹਰਕਤਾਂ ’ਤੇ ਆ ਗਏ ਸਨ ਕਿ ਪੁਲਸ ਕਰਮਚਾਰੀਆਂ ’ਤੇ ਮਿੱਟੀ ਵੀ ਸੁੱਟਣ ਲੱਗ ਪਏ ਸਨ। ਫ਼ਿਰ ਬੋਤਲਾਂ ਤੇ ਫ਼ਿਰ ਕੁਰਸੀਆਂ ਵੀ ਮਾਰੀਆਂ। ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਹੁਲੜਬਾਜ਼ਾਂ ’ਤੇ ਲਾਠੀਚਾਰਜ ਕਰਨਾ ਪਿਆ ਤੇ ਕਾਨੂੰਨ ਦਾ ਪਾਠ ਪੜਾਉਣਾ ਪਿਆ। ਉਨ੍ਹਾਂ ਕਿਹਾ ਕਿਸੇ ਵੀ ਹੁੱਲੜਬਾਜ਼ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।


author

Baljit Singh

Content Editor

Related News