ਬੱਬਰ ਖਾਲਸਾ ਦੇ ਗ੍ਰਿਫ਼ਤਾਰ ਅੱਤਵਾਦੀਆਂ ਨੇ ਕੀਤੇ ਵੱਡੇ ਖ਼ੁਲਾਸੇ, ਨਿਸ਼ਾਨੇ ''ਤੇ ਸੀ ਕਾਂਗਰਸੀ ਆਗੂ
Thursday, Sep 10, 2020 - 10:40 AM (IST)
ਖੰਨਾ (ਕਮਲ) : ਦਿੱਲੀ ਪੁਲਸ ਵੱਲੋਂ ਰਾਜਧਾਨੀ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿਛ ਦੌਰਾਨ ਦੋਹਾਂ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏਹਨ। ਦੋਵੇਂ ਲੋੜੀਂਦੇ ਅੱਤਵਾਦੀ ਭੁਪਿੰਦਰ ਉਰਫ਼ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਤੋਂ ਪੁੱਛਗਿਛ ਦੇ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਉਹ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਅਤੇ ਸਾਬਕਾ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਸਮੇਤ 4 ਕਾਂਗਰਸੀ ਆਗੂਆਂ ਦਾ ਕਤਲ ਕਰਨ ਦੀ ਫਿਰਾਕ ’ਚ ਸਨ।
ਰਾਏਕੋਟ (ਲੁਧਿਆਣਾ) ਦੇ ਵਸਨੀਕ ਦੋਵੇਂ ਅੱਤਵਾਦੀਆਂ ਨੇ ਨਿਸ਼ਾਂਤ ਸ਼ਰਮਾ ਅਤੇ ਗੁਰਸਿਮਰਨ ਸਿੰਘ ਮੰਡ ਦਾ ਕਤਲ ਕਰਨ ਲਈ ਉਨ੍ਹਾਂ ਦੀ ਰੇਕੀ ਵੀ ਕਰ ਲਈ ਸੀ। ਸਪੈਸ਼ਲ ਸੈੱਲ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਅੱਤਵਾਦੀਆਂ ਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੁਰੂਆਤੀ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਹਾਂ ਅੱਤਵਾਦੀਆਂ ਨੇ ਪਾਕਿਸਤਾਨ-ਜ਼ਿੰਦਾਬਾਦ, ਖਾਲਿਸਤਾਨ-ਜ਼ਿੰਦਾਬਾਦ ਅਤੇ ਡਿਫੈਂਡਰਸ ਆਫ ਪਾਕਿਸਤਾਨ ਗਰੁੱਪ ਜੁਆਇਨ ਕੀਤੇ ਹੋਏ ਸਨ।
ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ 3 ਦਰਿੰਦਿਆਂ ਨੇ ਰੋਲ੍ਹੀ ਨਾਬਾਲਗ ਕੁੜੀ ਦੀ ਇੱਜਤ, ਅਸ਼ਲੀਲ ਵੀਡੀਓ ਵੀ ਬਣਾਈ
ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਦੇ ਟਾਰਗੇਟ ’ਤੇ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਲਗਾਤਾਰ ਖਾਲਿਸਤਾਨ, ਰੈਫਰੈਂਡਮ-2020 ਅਤੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਖਿਲਾਫ ਖੁੱਲ੍ਹ ਕੇ ਆਵਾਜ਼ ਉਠਾ ਰਹੇ ਹਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ 'ਚ ਦੋਸ਼ੀ ਪਾਏ ਜਗਤਾਰ ਸਿੰਘ ਹਵਾਰਾ ’ਤੇ 2011 'ਚ ਅਦਾਲਤ ਪੇਸ਼ੀ ਦੌਰਾਨ ਨਿਸ਼ਾਂਤ ਸ਼ਰਮਾ ਨੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਨਿਸ਼ਾਂਤ ਸ਼ਰਮਾ ਖਾਲਿਸਤਾਨੀ ਅੱਤਵਾਦੀਆਂ ਦੇ ਜ਼ਿਆਦਾ ਨਿਸ਼ਾਨੇ ’ਤੇ ਹੈ, ਉੱਥੇ ਹੀ ਨਿਸ਼ਾਂਤ ਸ਼ਰਮਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਅੱਤਵਾਦੀ ਭੁਪਿੰਦਰ ਸਿੰਘ ਅਤੇ ਕੁਲਵੰਤ ਸਿੰਘ ਤੋਂ ਪੁੱਛਗਿੱਛ ਦੇ ਬਾਅਦ ਇਹ ਖ਼ੁਲਾਸਾ ਹੋਇਆ ਹੈ ਕਿ ਨਿਸ਼ਾਂਤ ਸ਼ਰਮਾ ਦੇ ਨਾਲ-ਨਾਲ ਕਾਂਗਰਸੀ ਆਗੂ ਮੰਡ ਦੀ ਹੱਤਿਆ ਕਰਨ ਲਈ ਫੇਸਬੁੱਕ ਰਾਹੀਂ ਕਈ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਚੁੱਕੀਆਂ ਸਨ। ਪੁਲਸ ਅਧਿਕਾਰੀ ਅਨੁਸਾਰ ਦੋਵੇਂ ਅੱਤਵਾਦੀ ਦਿੱਲੀ ਤੋਂ ਹਥਿਆਰ ਲਿਆ ਕੇ ਪੰਜਾਬ 'ਚ ਨਿਸ਼ਾਂਤ ਸ਼ਰਮਾ ਅਤੇ ਮੰਡ ਦਾ ਕਤਲ ਕਰਨ ਵਾਲੇ ਸਨ।