ਫਿਰੋਜ਼ਪੁਰ : ਪਾਕਿ ’ਚ ਬੈਠੇ ਅੱਤਵਾਦੀਆਂ ਨੂੰ ਭਾਰਤ ’ਚੋਂ ਡਰੋਨ ਰਾਹੀਂ ਹਥਿਆਰ ਭੇਜਣ ਵਾਲੇ 2 ਗ੍ਰਿਫ਼ਤਾਰ
Friday, May 06, 2022 - 03:32 PM (IST)
ਫਿਰੋਜ਼ਪੁਰ (ਕੁਮਾਰ) : ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਰਾਹੀਂ ਕਥਿਤ ਰੂਪ ਵਿੱਚ ਜੁੜੇ 2 ਵਿਅਕਤੀਆਂ ਦੇ ਖਿਲਾਫ਼ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਯੂ.ਪੀ.ਏ ਐਕਟ 1967, ਅਕਸਪਲੂਸਿਵ ਸਬਸਟੈਂਸਸ ਐਕਟ 1908 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਦੋਸ਼ੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਵਿਸਫੋਟਕ ਸਮੱਗਰੀ ਅਤੇ ਹਥਿਆਰਾਂ ਦੀ ਖੇਪ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਮੈਂਬਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਭਾਰਤ ਵਿੱਚ ਬੈਠੇ ਸਲੀਪਰ ਸੈੱਲਾਂ ਤੱਕ ਪਹੁੰਚਾਈ ਹੈ। ਇਸ ਮਾਮਲੇ ਵਿੱਚ ਅਕਾਸ਼ਦੀਪ ਸਿੰਘ ਆਕਾਸ਼ ਵਾਸੀ ਪਿੰਡ ਪੀਰਕੇ (ਨੇੜੇ ਕੈਨਾਲ ਕਲੋਨੀ ਫਿਰੋਜ਼ਪੁਰ) ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਜੱਸਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਗੁਲਾਮ ਪੱਤਰਾ ਨੂੰ ਸਕਾਰਪੀਓ ਗੱਡੀ ’ਤੇ ਆਉਂਦੇ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ
ਪੁਲਸ ਅਨੁਸਾਰ ਅਕਾਸ਼ਦੀਪ ਦੀ ਨਾਨੀ ਸਵਰਨਜੀਤ ਕੌਰ ਦੀ ਸਰਹੱਦੀ ਪਿੰਡ ਮੁੱਠਿਆਂ ਵਾਲਾ ’ਚ ਜ਼ਮੀਨ ਹੈ, ਜਿਥੇ ਉਸਨੇ ਰਹਿਣ ਲਈ ਦੋ ਕਮਰੇ ਬਣਾ ਰੱਖੇ ਹਨ ਅਤੇ ਉਥੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਵਟਸਐਪ ’ਤੇ ਪਾਕਿਸਤਾਨ ਵਿੱਚ ਬੈਠੇ ਰਿੰਦਾ ਨਾਲ ਗੱਲ ਕਰਕੇ ਡਰੋਨ ਨਾਲ ਹਥਿਆਰਾਂ ਦੀ ਸਪਲਾਈ ਮੰਗਵਾਉਂਦਾ ਸੀ ਅਤੇ ਉਨ੍ਹਾਂ ਦੀ ਦੱਸੀ ਗਈ ਲੋਕੇਸ਼ਨ ’ਤੇ ਹਥਿਆਰਾਂ ਦੀ ਸਪਲਾਈ ਦਿੰਦੇ ਸਨ। ਸੰਪਰਕ ਕਰਨ ’ਤੇ ਐੱਸ.ਐੱਸ.ਪੀ. ਫਿਰੋਜ਼ਪੁਰ ਸਰਦਾਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਤਾਰਾ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਜਦ ਬਾਬਾ ਸ਼ੇਰ ਸ਼ਾਹ ਵਲੀ ਚੌਕ ਦੇ ਏਰੀਆ ’ਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਪੁੱਜੇ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਦੋਵੇਂ ਨਾਮਜ਼ਦ ਵਿਅਕਤੀ ਪਾਕਿਸਤਾਨ ’ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ ਅਤੇ ਹਰਿਆਣਾ ਦੇ ਥਾਣਾ ਮਧੂਬਨ ਦੇ ਏਰੀਆ ਵਿੱਚ ਵਿਸਫੋਟਕ ਸਮੱਗਰੀ ਅਤੇ ਹਥਿਆਰਾਂ ਦੇ ਨਾਲ ਫੜੇ ਗਏ ਗੁਰਪ੍ਰੀਤ ਸਿੰਘ ਉਰਫ਼ ਗੋਪੀ ਉਰਫ਼ ਗੋਰਾ, ਅਮਨਦੀਪ ਸਿੰਘ ਉਰਫ਼ ਅਮਨਾ, ਪਰਮਿੰਦਰ ਸਿੰਘ ਉਰਫ਼ ਪਿੰਦਾ ਵਾਸੀ ਮੱਖੂ ਅਤੇ ਇਸੇ ਕਸਬਾ ਦੇ ਲੁਧਿਆਣਾ ਵਿਖੇ ਸ਼ਿਫਟ ਹੋਏ ਭੁਪਿੰਦਰ ਸਿੰਘ ਨਾਲ ਮਿਲ ਕੇ ਸਕਾਰਪੀਓ ਅਤੇ ਇਨੋਵਾ ਗੱਡੀ ਰਾਹੀਂ ਬੱਬਰ ਖਾਲਸਾ ਇੰਟਰਨੈਸ਼ਨਲ ਆਂਤਕੀ ਸੰਗਠਨ ਦੇ ਮੈਂਬਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਭਾਰਤ ਵਿੱਚ ਵੱਖ ਵੱਖ ਜਗ੍ਹਾ ’ਤੇ ਬੈਠੇ ਸਲੀਪਰ ਸੈੱਲਾਂ ਨੂੰ ਵਿਸਫੋਟਕ ਸਮੱਗਰੀ ਅਤੇ ਹਥਿਆਰ ਪਹੁੰਚਾਏ ਹਨ ਤਾਂ ਜੋ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ
ਪੁਲਸ ਨੂੰ ਮਿਲੀ ਇਸ ਪੁਖਤਾ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਇਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ