ਬੱਬਰ ਖਾਲਸਾ ਦੇ 3 ਅੱਤਵਾਦੀਆਂ ਦਾ ਰਿਮਾਂਡ ਵਧਿਆ, ਭੇਜੇ ਜੇਲ

Friday, Apr 05, 2019 - 12:27 PM (IST)

ਬੱਬਰ ਖਾਲਸਾ ਦੇ 3 ਅੱਤਵਾਦੀਆਂ ਦਾ ਰਿਮਾਂਡ ਵਧਿਆ, ਭੇਜੇ ਜੇਲ

ਮੋਹਾਲੀ (ਕੁਲਦੀਪ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਵਲੋਂ ਬੀਤੇ ਦਿਨੀਂ ਬੱਬਰ ਖਾਲਸਾ ਦੇ ਲੈਟਰਪੈਡਾਂ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦਾ ਰਿਮਾਂਡ ਖਤਮ ਹੋਣ 'ਤੇ ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਅੱਤਵਾਦੀਆਂ ਗੁਰਪ੍ਰੀਤ ਸਿੰਘ ਪ੍ਰੀਤ, ਹਰਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਦਾ ਪੁਲਸ ਰਿਮਾਂਡ ਵਧਾਉਂਦੇ ਹੋਏ ਉਨ੍ਹਾਂ ਨੂੰ 8 ਅਪ੍ਰੈਲ ਤਕ ਫਿਰ ਰਿਮਾਂਡ 'ਤੇ ਭੇਜ ਦਿੱਤਾ ਹੈ, ਜਦਕਿ ਤਿੰਨ ਅੱਤਵਾਦੀਆਂ ਲਵਪ੍ਰੀਤ ਸਿੰਘ, ਸੁਲਤਾਨ ਸਿੰਘ ਅਤੇ ਦਲੇਰ ਸਿੰਘ ਨੂੰ ਅਦਾਲਤ ਨੇ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ ।
ਜਾਣਕਾਰੀ ਮੁਤਾਬਕ ਪੁਲਸ ਵਲੋਂ ਅਦਾਲਤ ਵਿਚ ਪੇਸ਼ੀ ਦੌਰਾਨ ਦਲੀਲ ਦਿੱਤੀ ਗਈ ਕਿ ਉਕਤ ਤਿੰਨ ਅੱਤਵਾਦੀਆਂ ਤੋਂ ਅਜੇ ਹੋਰ ਪੁੱਛਗਿਛ ਕੀਤੀ ਜਾਣੀ ਬਾਕੀ ਹੈ ਅਤੇ ਉਨ੍ਹਾਂ ਦੇ ਦੂਜੇ ਦੋ ਸਾਥੀਆਂ ਦੇ ਬਾਰੇ ਪਤਾ ਲਾਇਆ ਜਾਣਾ ਹੈ । ਇਸ ਤੋਂ ਇਲਾਵਾ ਉਨ੍ਹਾਂ ਤੋਂ ਇਹ ਵੀ ਪਤਾ ਲਾਇਆ ਜਾਣਾ ਹੈ ਕਿ ਉਨ੍ਹਾਂ ਦੇ ਹੋਰ ਕਿਨ੍ਹਾਂ-ਕਿਨ੍ਹਾਂ ਲੋਕਾਂ ਦੇ ਨਾਲ ਸਬੰਧ ਸਨ। ਅੱਜ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਸਿਵਲ ਹਸਪਤਾਲ ਫੇਜ਼-6 ਵਿਚ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ 31 ਮਾਰਚ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਦੇ ਪੁਲਸ ਸਟੇਸ਼ਨ ਵਿਚ ਅਨਲਾਫੁੱਲ ਐਕਟੀਵਿਟੀਜ਼ ਐਕਟ ਦੀ ਧਾਰਾ 17, 18, 20 ਅਤੇ ਆਰਮਸ ਐਕਟ ਦੀਆਂ ਧਾਰਾਵਾਂ 25-54-59 ਤਹਿਤ ਕੁੱਲ 8 ਅੱਤਵਾਦੀਆਂ ਹਰਵਿੰਦਰ ਸਿੰਘ ਨਿਵਾਸੀ ਪਿੰਡ ਰੈਲੀ ਜ਼ਿਲਾ ਪੰਚਕੂਲਾ (ਹਰਿਆਣਾ), ਸੁਲਤਾਨ ਸਿੰਘ ਨਿਵਾਸੀ ਪਿੰਡ ਸੈਦਪੁਰਾ ਜ਼ਿਲਾ ਕੁਰੂਕਸ਼ੇਤਰ (ਹਰਿਆਣਾ), ਕਰਮਜੀਤ ਸਿੰਘ ਨਿਵਾਸੀ ਪਿੰਡ ਰਾਓਕੇ ਕਲਾਂ ਜ਼ਿਲਾ ਮੋਗਾ (ਪੰਜਾਬ), ਲਵਪ੍ਰੀਤ ਸਿੰਘ ਨਿਵਾਸੀ ਪਿੰਡ ਬਾਲੇਯਾਂ ਜ਼ਿਲਾ ਸੰਗਰੂਰ (ਪੰਜਾਬ) ਅਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਨਿਵਾਸੀ ਸੈਕਟਰ-20 ਸੀ ਚੰਡੀਗੜ੍ਹ, ਰੁਪਿੰਦਰ ਸਿੰਘ ਨਿਵਾਸੀ ਪਿੰਡ ਨਿਵਾਰਸੀ ਜ਼ਿਲਾ ਕੁਰੂਕਸ਼ੇਤਰ (ਹਰਿਆਣਾ), ਦਲੇਰ ਸਿੰਘ ਬੰਟੀ ਨਿਵਾਸੀ ਸਰਦਾਰ ਕਾਲੋਨੀ ਰੋਹੀਣੀ (ਦਿੱਲੀ), ਰਣਜੀਤ ਸਿੰਘ ਨਿਵਾਸੀ ਪਿੰਡ ਪੱਖੋਕੇ ਜ਼ਿਲਾ ਗੁਰਦਾਸਪੁਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੇ ਕੁੱਲ 6 ਅੱਤਵਾਦੀਆਂ ਹਰਵਿੰਦਰ ਸਿੰਘ, ਸੁਲਤਾਨ ਸਿੰਘ, ਕਰਮਜੀਤ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਦਲੇਰ ਸਿੰਘ ਉਰਫ ਬੰਟੀ ਨੂੰ ਗ੍ਰਿਫਤਾਰ ਕਰ ਲਿਆ ਸੀ ।


author

Babita

Content Editor

Related News