18 ਸਾਲਾਂ ਤੋਂ ਖੜ੍ਹੇ ਹੋ ਕੇ ਤਪ ਕਰਨ ਵਾਲੇ ਇਸ ਬਾਬੇ ਦੇ ਪੈਰ ਬਣੇ ਪੱਥਰ, ਨਹੀਂ ਭੰਗ ਕੀਤੀ ਤਪੱਸਿਆ (ਤਸਵੀਰਾਂ)

Saturday, Apr 10, 2021 - 02:36 PM (IST)

18 ਸਾਲਾਂ ਤੋਂ ਖੜ੍ਹੇ ਹੋ ਕੇ ਤਪ ਕਰਨ ਵਾਲੇ ਇਸ ਬਾਬੇ ਦੇ ਪੈਰ ਬਣੇ ਪੱਥਰ, ਨਹੀਂ ਭੰਗ ਕੀਤੀ ਤਪੱਸਿਆ (ਤਸਵੀਰਾਂ)

ਚੰਡੀਗੜ੍ਹ (ਟੱਕਰ) : ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਤੇ ਤਪੱਸਵੀਆਂ ਦੀ ਧਰਤੀ ਵਜੋਂ ਜਾਣੀ ਜਾਂਦੀ ਹੈ ਅਤੇ ਪੁਰਾਣੇ ਸਮਿਆਂ ’ਚ ਸੁਣਿਆ ਜਾਂਦਾ ਸੀ ਕਿ ਉਹ ਤਪ ਕਰਦੇ ਸਨ ਪਰ ਅੱਜ ਵੀ ਇਸ ਧਰਤੀ ’ਤੇ ਇੱਕ ਸਾਧੂ ਰੌਸ਼ਨ ਮੁਨੀ ਜੀ ਹਨ, ਜੋ ਕਿ ਵਿਸ਼ਵ ਸ਼ਾਂਤੀ ਲਈ ਅਨੋਖੀ ਤਪੱਸਿਆ ਕਰ ਰਹੇ ਹਨ। ਦੁਨੀਆ ਵਿਚ ਅਮਨ, ਸ਼ਾਂਤੀ ਵਾਲਾ ਮਾਹੌਲ ਕਾਇਮ ਰਹੇ, ਇਸ ਲਈ ਬਾਬਾ ਰੌਸ਼ਨ ਮੁਨੀ ਪਿਛਲੇ 18 ਸਾਲਾਂ ਤੋਂ ਖੜ੍ਹੇ ਹੋ ਕੇ ਤਪ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਪੈਰ ਵੀ ਕਠੋਰ ਹੋ ਗਏ ਪਰ ਉਨ੍ਹਾਂ ਦੀ ਪਰਮਾਤਮਾ ਪ੍ਰਤੀ ਅਜਿਹੀ ਲਗਨ ਹੈ ਕਿ ਉਨ੍ਹਾਂ ਪ੍ਰਣ ਕੀਤਾ ਹੈ ਕਿ ਜਦ ਤੱਕ ਜੀਵਨ ਹੈ, ਉਹ ਸਾਰੀ ਉਮਰ ਖੜ੍ਹੇ ਹੋ ਕੇ ਜ਼ਿੰਦਗੀ ਬਤੀਤ ਕਰਨਗੇ ਅਤੇ ਕਦੇ ਵੀ ਇਸ ਤਪੱਸਿਆ ਨੂੰ ਭੰਗ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ : ਪੰਜਾਬ ਦੀ 'ਵੇਰਕਾ ਲੱਸੀ' ਦੀ ਸ਼ੌਕੀਨ Indian Army, ਸਰਹੱਦਾਂ 'ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)

PunjabKesari

ਪੰਜਾਬ ਅਤੇ ਹਿਮਾਚਲ ਦੀ ਹੱਦ ’ਤੇ ਵਸੇ ਜ਼ਿਲ੍ਹਾ ਰੋਪੜ ਦਾ ਇਕ ਪਿੰਡ ਖੇੜਾ ਕਲਮੋਟ ਹੈ, ਜੋ ਕਿ ਛੋਟੀਆਂ-ਛੋਟੀਆਂ ਪਹਾੜੀਆਂ ਵਿਚ ਘਿਰਿਆ ਹੋਇਆ ਹੈ ਅਤੇ ਪਹਾੜੀ ਦੀ ਉੱਚੀ ਚੋਟੀ ’ਤੇ ਬਣਿਆ ਸੁੰਦਰ ਮੰਦਰ ਇਸ ਬੀਆਬਾਨ ਅਤੇ ਜੰਗਲ ਭਰੇ ਰਸਤੇ ’ਚੋਂ ਲੰਘਣ ਵਾਲੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਪਹਾੜੀ ਦੀ ਚੋਟੀ ’ਤੇ ਬਣੇ ਸੁੰਦਰ ਮੰਦਰ ਵਿਚ ਤਪੱਸਿਆ ਕਰ ਰਹੇ ਰੌਸ਼ਨ ਮੁਨੀ ਨੇ ਦੱਸਿਆ ਕਿ ਕਰੀਬ 18 ਸਾਲ ਪਹਿਲਾਂ ਉਹ ਘੁੰਮਦੇ ਹੋਏ ਇਸ ਅਸਥਾਨ ’ਤੇ ਆਏ, ਜਿੱਥੇ ਉਨ੍ਹਾਂ ਮੰਦਰ ਦਾ ਨਿਰਮਾਣ ਸ਼ੁਰੂ ਕਰਵਾਇਆ। ਬਾਬਾ ਰੌਸ਼ਨ ਮੁਨੀ ਨੇ ਇਸ ਅਸਥਾਨ ’ਤੇ ਸਿੱਧ ਬਾਬਾ ਚਾਨਣ ਜੀ ਮਹਾਰਾਜ ਦਾ ਮੰਦਰ, ਸ਼ਿਵ ਮੰਦਰ, ਬਾਬਾ ਬਾਲਕ ਨਾਥ ਮੰਦਰ, ਰਾਜਾ ਭਰਥਰੀ ਦੀ ਪਵਿੱਤਰ ਮੂਰਤੀ ਅਤੇ ਗੁੱਗਾ ਜ਼ਾਹਰ ਪੀਰ ਜੀ ਦੀ ਮੂਰਤੀ ਸਥਾਪਿਤ ਕੀਤੀ ਅਤੇ ਜੰਗਲ ਵਿਚ ਮੰਗਲ ਕਰ ਦਿੱਤਾ। ਸਾਧੂ ਰੌਸ਼ਨ ਮੁਨੀ ਦੇ ਸ਼ਰਧਾਲੂਆਂ ਅਨੁਸਾਰ ਉਨ੍ਹਾਂ ਬਾਬਾ ਜੀ ਨੂੰ ਜ਼ਮੀਨ ’ਤੇ ਨਾ ਕਦੇ ਬੈਠੇ ਦੇਖਿਆ ਅਤੇ ਨਾ ਹੀ ਕਦੇ ਬਿਸਤਰ ’ਤੇ ਸੌਂਦੇ ਦੇਖਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਬੰਦ ਹੋਈ ਰਾਤ ਦੀ 'ਬੱਸ ਸੇਵਾ'

PunjabKesari

ਰਾਤ ਨੂੰ ਆਰਾਮ ਕਰਨ ਲਈ ਮੰਦਰ ਵਿਚ ਇੱਕ ਵਿਸ਼ੇਸ਼ ਥੜ੍ਹਾ ਬਣਾਇਆ ਹੋਇਆ ਹੈ ਅਤੇ ਬਾਬਾ ਜੀ ਉਸ ਥੜ੍ਹੇ ’ਤੇ ਆਪਣਾ ਸਿਰ ਰੱਖ ਕੇ ਸੌਂ ਜਾਂਦੇ ਹਨ। ਦਿਨ ਵੇਲੇ ਵੀ ਲੱਕੜ ਦਾ ਝੂਲਾ ਬਣਾ ਕੇ ਉਸ ’ਤੇ ਹੱਥ ਰੱਖ ਕੇ ਖੜ੍ਹ ਜਾਂਦੇ ਹਨ। ਇਸ ਤਪੱਸਿਆ ਕਾਰਣ ਰੌਸ਼ਨ ਮੁਨੀ ਜੀ ਦੇ ਪੈਰ ਜਿੱਥੇ ਸੁੱਜੇ ਤੇ ਪੱਥਰ ਬਣੇ ਹੋਏ ਦਿਖਾਈ ਦਿੱਤੇ, ਉਥੇ ਉਨ੍ਹਾਂ ਦੇ ਪੈਰਾਂ ’ਤੇ ਕਈ ਜਖ਼ਮ ਵੀ ਸਨ। ਸ਼ਰਧਾਲੂਆਂ ਅਨੁਸਾਰ ਕਈ ਵਾਰ ਮੌਸਮ ਦੇ ਬਦਲਾਅ ਅਤੇ ਖੜ੍ਹੇ ਹੋਣ ਦੀ ਤਪੱਸਿਆ ਕਾਰਣ ਬਾਬਾ ਜੀ ਦੇ ਪੈਰਾਂ ਵਿਚ ਕੀੜੇ ਤੱਕ ਚੱਲਦੇ ਦਿਖਾਈ ਦਿੱਤੇ ਪਰ ਬਾਬਾ ਜੀ ਨੇ ਕਦੇ ਵੀ ਆਪਣੀ ਤਪੱਸਿਆ ਭੰਗ ਨਹੀ ਕੀਤੀ ਅਤੇ ਪਰਮਾਤਮਾ ਵਿਚ ਵਿਸ਼ਵਾਸ ਰੱਖਦੇ ਹੋਏ ਆਪਣਾ ਤਪ ਜਾਰੀ ਰੱਖਿਆ।

ਇਹ ਵੀ ਪੜ੍ਹੋ : ਤਿਹਾੜ ਜੇਲ੍ਹ 'ਚੋਂ ਪੈਰੋਲ 'ਤੇ ਆਇਆ ਖ਼ਤਰਨਾਕ ਕੈਦੀ ਵਾਪਸ ਨਾ ਮੁੜਿਆ, ਪੁਲਸ ਨੇ ਹਥਿਆਰਾਂ ਸਣੇ ਕੀਤਾ ਕਾਬੂ

PunjabKesari

ਸਾਧੂ ਰੌਸ਼ਨ ਮੁਨੀ ਜੀ ਜੋ ਕਿ ਮੰਦਰ ਵਿਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨਾਲ ਬਹੁਤ ਹੀ ਘੱਟ ਬੋਲਦੇ ਹਨ। ਉਨ੍ਹਾਂ ਸਿਰਫ ਇੰਨਾ ਹੀ ਦੱਸਿਆ ਕਿ ਉਹ ਇਹ ਤਪੱਸਿਆ ਵਿਸ਼ਵ ਸ਼ਾਂਤੀ ਲਈ ਕਰ ਰਹੇ ਹਨ ਤੇ ਉਨ੍ਹਾਂ ਦੀ ਬਚਪਨ ਤੋਂ ਹੀ ਪ੍ਰਭੂ ਭਗਤੀ ਵਿਚ ਲਗਨ ਸੀ। ਰੌਸ਼ਨ ਮੁਨੀ ਜੀ ਨੇ ਆਪਣਾ ਪਿਛਲਾ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਪਰ ਪੰਜਾਬ ਦੀ ਧਰਤੀ ’ਤੇ ਵਿਸ਼ਵ ਸ਼ਾਂਤੀ ਲਈ ਇਸ ਅਨੋਖੀ ਤਪੱਸਿਆ ਤੋਂ ਇਸ ਸੂਬੇ ਦੇ ਲੋਕ ਹੀ ਅਣਜਾਣ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News