ਸ਼ਬਨਮ ਢਿੱਲੋਂ ਦਾ ਡੇਰਾ ਬਿਆਸ ''ਚ 4 ਦਸੰਬਰ ਨੂੰ ਹੋਵੇਗਾ ਅੰਤਿਮ ਸੰਸਕਾਰ
Friday, Nov 29, 2019 - 11:43 AM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼/ਅਠੌਲਾ) : ਬੀਤੇ ਕੱਲ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਧਰਮਪਤਨੀ ਬੀਬੀ ਸ਼ਬਨਮ ਕੌਰ ਢਿੱਲੋਂ ਦਾ ਇੰਗਲੈਂਡ ਵਿਖੇ ਬੈਡਫੋਰਡ 'ਚ ਚੱਲ ਰਹੇ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਡੇਰਾ ਸ਼ਰਧਾਲੂਆਂ 'ਚ ਸੋਗ ਦੀ ਲਹਿਰ ਦੌੜ ਗਈ ਤੇ ਦੂਰ-ਦੁਰਾਡਿਓਂ ਸ਼ਰਧਾਲੂਆਂ ਦਾ ਡੇਰਾ ਬਿਆਸ ਆਉਣਾ-ਜਾਣਾ ਸ਼ੁਰੂ ਹੋ ਗਿਆ। ਬੀਬੀ ਸ਼ਬਨਮ ਕੌਰ ਢਿੱਲੋਂ ਦੇ ਅੰਤਿਮ ਸੰਸਕਾਰ ਬਾਰੇ ਭਾਵੇਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਪਰ ਕੁਝ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 4 ਦਸੰਬਰ ਨੂੰ ਡੇਰਾ ਬਿਆਸ ਵਿਖੇ ਹੀ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਣ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਹਿੱਤ ਸਮਝਿਆ ਜਾ ਰਿਹਾ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬਾਬਾ ਜੀ ਨੇ ਦਿੱਲੀ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਸਤਿਸੰਗ ਸਮਾਗਮਾਂ ਨੂੰ ਬਰਕਰਾਰ ਰੱਖਿਆ ਹੈ, ਕੋਈ ਵੀ ਸਮਾਗਮ ਰੱਦ ਨਹੀਂ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਡੇਰਾ ਪ੍ਰਬੰਧਕਾਂ ਵਲੋਂ ਡੇਰਾ ਸਮਰਥਕਾਂ ਤੇ ਸੇਵਾਦਾਰਾਂ ਨੂੰ 3 ਤੇ 4 ਦਸੰਬਰ ਨੂੰ ਡੇਰਾ ਬਿਆਸ ਵਿਖੇ ਪੁੱਜਣ ਲਈ ਕਿਹਾ ਗਿਆ ਹੈ ਕਿਉਂਕਿ ਉਸ ਦਿਨ ਸਸਕਾਰ ਮੌਕੇ ਸੇਵਾਦਾਰਾਂ ਦੀ ਲੋੜ ਸਮਝੀ ਜਾ ਰਹੀ ਹੈ।