ਭੂਤ ਕੱਢਣ ਬਹਾਨੇ ਬਾਬਾ 13 ਸਾਲਾ ਬੱਚੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ

Thursday, Mar 15, 2018 - 10:27 AM (IST)

ਅਜਨਾਲਾ (ਰਮਨਦੀਪ) - ਸ਼ਹਿਰ ਦੇ ਇਕ ਸਕੂਲ 'ਚ 8ਵੀਂ ਜਮਾਤ 'ਚ ਪੜ੍ਹਦੀ ਪਿੰਡ ਸਰਾਏ ਦੀ ਰਹਿਣ ਵਾਲੀ 13 ਸਾਲਾ ਲੜਕੀ ਨਾਲ ਆਪਣੇ-ਆਪ ਨੂੰ ਬਾਬਾ ਕਹਾਉਣ ਵਾਲੇ ਸਮੀਰ ਫਕੀਰ ਵੱਲੋਂ ਕੁੱਟ-ਮਾਰ ਅਤੇ ਛੇੜਛਾੜ ਕੀਤੇ ਜਾਣ ਦੀ ਘਿਨੌਣੀ ਹਰਕਤ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਪੀੜਤ ਲੜਕੀ ਹਰਮਨ (ਨਕਲੀ ਨਾਂ) ਨੇ ਰੋ-ਰੋ ਕੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਰਾਏਪੁਰ ਗਈ ਹੋਈ ਸੀ ਅਤੇ 1 ਮਾਰਚ ਨੂੰ ਮੇਰੇ ਰਿਸ਼ਤੇਦਾਰਾਂ ਨੇ ਸਮੀਰ ਫਕੀਰ ਨਾਂ ਦੇ ਇਕ ਬਾਬੇ ਨੂੰ ਆਪਣੇ ਘਰ ਬੁਲਾ ਲਿਆ ਅਤੇ ਮੈਨੂੰ ਤੇ ਬਾਬੇ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਤੇ ਬਾਬੇ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਕਮਰੇ 'ਚੋਂ ਬਾਹਰ ਚਲੇ ਜਾਓ, ਮੈਂ ਇਸ ਲੜਕੀ 'ਚੋਂ ਬੁਰੀ ਆਤਮਾ (ਭੂਤ) ਕੱਢਦਾ ਹਾਂ।
ਉਸ ਨੇ ਦੱਸਿਆ ਕਿ ਜਦ ਮੇਰੀਆਂ ਦੋਵੇਂ ਮਾਮੀਆਂ ਤੇ ਮਾਮੇ ਕਮਰੇ 'ਚੋਂ ਬਾਹਰ ਚਲੇ ਗਏ ਤਾਂ ਬਾਬੇ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ ਬਿਜਲੀ ਵਾਲੀ ਤਾਰ ਨਾਲ ਮੈਨੂੰ ਬਹੁਤ ਕੁੱਟਿਆ। ਇਸ ਸਬੰਧੀ ਜਦ ਮੈਂ ਮਾਮੇ-ਮਾਮੀਆਂ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਬਾਬਾ ਆਪਣੇ ਘਰ ਦਾ ਹੀ ਬੰਦਾ ਹੈ ਅਤੇ ਇਹ ਜੋ ਵੀ ਕਰ ਰਿਹਾ ਹੈ ਤੇਰੇ ਭਲੇ ਲਈ ਹੀ ਕਰ ਰਿਹਾ ਹੈ, ਜਿਸ ਉਪਰੰਤ ਬਾਬੇ ਨੇ ਫਿਰ ਮੈਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਅਤੇ ਅਸ਼ਲੀਲ ਹਰਕਤਾਂ ਵੀ ਕਰਦਾ ਰਿਹਾ। ਜਦ ਮੈਂ ਇਸ ਸਬੰਧੀ ਰੌਲਾ ਪਾਇਆ ਤਾਂ ਬਾਬੇ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਤੂੰ ਇਸ ਸਬੰਧੀ ਕੁਝ ਦੱਸਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ। ਪੀੜਤ ਲੜਕੀ ਨੇ ਅੱਗੇ ਦੱਸਿਆ ਕਿ ਮੇਰੇ ਮਾਮੀਆਂ ਤੇ ਮਾਮਿਆਂ ਨੇ ਵੀ ਬਾਬੇ ਨੂੰ ਕਿਹਾ ਕਿ ਇਸ ਨਾਲ ਜੋ ਮਰਜ਼ੀ ਕਰ ਅਤੇ ਜਿੰਨਾ ਮਰਜ਼ੀ ਕੁੱਟ, ਕੋਈ ਗੱਲ ਨਹੀਂ ਪਰ ਇਸ ਦੇ ਸਾਰੇ ਭੂਤ ਬਾਹਰ ਕੱਢ ਦੇ।  ਲੜਕੀ ਨੇ ਅੱਗੇ ਦੱਸਿਆ ਕਿ ਕੁਝ ਦਿਨਾਂ ਬਾਅਦ ਮੇਰੀ ਵੱਡੀ ਭੈਣ ਦਾ ਅਜਨਾਲਾ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਠਾਕਾ ਲੱਗਣਾ ਸੀ ਤੇ ਮੈਂ ਮਾਮੇ-ਮਾਮੀਆਂ ਨਾਲ ਉਥੇ ਆਈ ਤੇ ਆਪਣੇ ਨਾਲ ਹੋਈ ਸਾਰੀ ਗੱਲਬਾਤ ਆਪਣੀ ਚਾਚੀ ਨੂੰ ਦੱਸਦਿਆਂ ਕਿਹਾ ਕਿ ਮੈਨੂੰ ਆਪਣੇ ਘਰ ਲੈ ਜਾਓ ਅਤੇ ਮੈਂ ਹੁਣ ਆਪਣੇ ਨਾਨਕੇ ਪਿੰਡ ਨਹੀਂ ਜਾਣਾ। ਇਸ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ। ਗੱਲਬਾਤ ਕਰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਵੀਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ 'ਤੇ ਬਾਬਾ ਸਮੀਰ ਫਕੀਰ ਤੋਂ ਇਲਾਵਾ ਉਸ ਦੇ ਮਾਮੇ ਨਿੱਕੂ, ਕੁਲਦੀਪ ਸਿੰਘ, ਅਮਨ ਤੇ ਕੁਲਜੀਤ ਕੌਰ ਵਾਸੀ ਰਾਏਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News