ਬੀ. ਡੀ. ਪੀ. ਓ. ਦਫਤਰ ''ਚ ਬਣਿਆ ਪਾਰਕ ਵਿਵਾਦਾਂ ਦੇ ਘੇਰੇ ''ਚ
Monday, Feb 05, 2018 - 02:28 AM (IST)

ਸ਼ੇਰਪੁਰ, (ਅਨੀਸ਼)— ਬੀ. ਡੀ. ਪੀ. ਓ. ਦਫਤਰ ਸ਼ੇਰਪੁਰ ਵਿਖੇ ਪੰਚਾਇਤ ਸੰਮਤੀ ਸ਼ੇਰਪੁਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਪਾਰਕ ਕਥਿਤ ਤੌਰ 'ਤੇ ਸਮੱਗਰੀ ਵਰਤਣ ਕਰਕੇ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਗ੍ਰੀਨ ਪਾਰਕ ਦਾ ਨੀਂਹ ਪੱਥਰ ਸਾਲ 2015 'ਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਰੱਖਿਆ ਸੀ ਅਤੇ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਪਾਰਕ ਦੀ ਉਸਾਰੀ ਸਿਰੇ ਨਹੀਂ ਚੜ੍ਹੀ। ਇਸ ਸਬੰਧੀ 'ਜਗ ਬਾਣੀ' ਵੱਲੋਂ ਪ੍ਰਮੁੱਖਤਾ ਨਾਲ ਛਾਪਣ 'ਤੇ ਪਾਰਕ ਦਾ ਕੰਮ ਸ਼ੁਰੂ ਤਾਂ ਹੋ ਗਿਆ ਪਰ ਆਲੇ-ਦੁਆਲੇ ਬਣਾਈਆਂ ਗਈਆਂ ਕੰਧਾਂ 'ਤੇ ਕਥਿਤ ਤੌਰ 'ਤੇ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਕੰਧਾਂ 'ਤੇ ਸੀਮੈਂਟ ਦੀ ਲਿਪਾਈ ਮਿਸਤਰੀ ਦੀ ਜਗ੍ਹਾ ਮਜ਼ਦੂਰ ਕਰਦੇ ਦੇਖੇ ਗਏ ਅਤੇ ਪਾਰਕ ਦੇ ਅੱਗੇ ਲਾਇਆ ਗੇਟ ਵੀ ਉਖੜ ਗਿਆ । ਇਸ ਸਬੰਧੀ ਪਬਲਿਕ ਹੈਲਪਲਾਈਨ ਦੇ ਕੌਮੀ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ, ਸਮਾਜ ਸੇਵੀ ਆਗੂ ਹਰਜੀਤ, ਸਰਪੰਚ ਜਸਮੇਲ ਸਿੰਘ ਬੜੀ, ਸੰਜੇ ਸਿੰਗਲਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਪਾਰਕ ਬਣਾਉਣ ਲਈ ਵਰਤੇ ਗਏ ਘਟੀਆ ਮਟੀਰੀਅਲ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।