ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਵੱਲੋਂ ਪ੍ਰਦਰਸ਼ਨ

07/21/2017 12:47:07 AM

ਰੂਪਨਗਰ, (ਵਿਜੇ)- ਕੰਡਕਟਸ ਵਰਕਸ ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਨੇ ਤਨਖਾਹ ਨਾ ਮਿਲਣ ਕਾਰਨ ਬੀ. ਐੱਸ. ਐੱਨ. ਐੱਲ. ਦੇ ਰੂਪਨਗਰ ਦਫਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਿਭਾਗ 'ਚ ਤਨਦੇਹੀ ਨਾਲ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ, ਜਦੋਂਕਿ ਸਬੰਧਤ ਠੇਕੇਦਾਰ ਵੱਲੋਂ ਮਨਮਰਜ਼ੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਜਦੋਂ ਤੱਕ ਸਾਰੇ ਵਰਕਰਾਂ ਨੂੰ ਤਨਖਾਹ ਨਹੀਂ ਜਾਰੀ ਕੀਤੀ ਜਾਂਦੀ, ਉਹ ਕੰਮ 'ਤੇ ਨਹੀਂ ਜਾਣਗੇ। ਇਸ ਮੌਕੇ ਪ੍ਰਧਾਨ ਬੁੱਧ ਰਾਮ, ਹਰਨੇਕ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਸੁਰਮੁੱਖ ਸਿੰਘ, ਪੁਸ਼ਪਿੰਦਰ ਸਿੰਘ, ਬਲਜੀਤ ਸਿੰਘ ਆਦਿ ਮੌਜੂਦ ਸਨ।
ਕੀ ਕਹਿਣਾ ਹੈ ਠੇਕੇਦਾਰ ਦਾ- ਠੇਕੇਦਾਰ ਪ੍ਰਕਾਸ਼ ਖੁੱਲਰ ਨੇ ਦੱਸਿਆ ਕਿ ਉਹ ਨਿੱਜੀ ਤੌਰ 'ਤੇ ਹੁਣ ਤੱਕ ਮਾਰਚ ਤੋਂ ਲੈ ਕੇ ਮਈ ਤੱਕ ਦੀ 20 ਲੱਖ ਰੁਪਏ ਦੀ ਤਨਖਾਹ ਦੇ ਚੁੱਕੇ ਹਨ, ਜਦੋਂਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਹਾਲੇ ਤੱਕ ਕੋਈ ਰਾਸ਼ੀ ਨਹੀਂ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਫੰਡ ਪਿੱਛਿਓਂ ਨਾ ਆਉਣ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਫੰਡ ਸਾਨੂੰ ਮਿਲਣਗੇ, ਤੁਰੰਤ ਹੀ ਸਾਰੇ 70 ਵਰਕਰਾਂ ਨੂੰ ਉਨ੍ਹਾਂ ਦੀ ਜੂਨ ਮਹੀਨੇ ਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ।


Related News