ਆਯੁਸ਼ਮਾਨ ਕਾਰਡ ਬਣਵਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਲੱਗਣਗੇ ਕੈਂਪ

Saturday, May 20, 2023 - 06:29 PM (IST)

ਆਯੁਸ਼ਮਾਨ ਕਾਰਡ ਬਣਵਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਲੱਗਣਗੇ ਕੈਂਪ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਤਹਿਤ ਕਵਰ ਕਰਨ ਲਈ, ਸੂਬਾ ਸਿਹਤ ਏਜੰਸੀ ਵੱਲੋਂ 24 ਮਈ, 2023 ਤੋਂ ਯੋਗ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਈ-ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਸੋਚ ਅਨੁਸਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਪ੍ਰਮੁੱਖ ਬੀਮਾ ਯੋਜਨਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸੂਬਾ ਸਿਹਤ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਕਿਹਾ ਕਿ ਇਸ ਸਕੀਮ ਤਹਿਤ ਸੂਬੇ ਭਰ ਦੇ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿਚ ਪ੍ਰਤੀ ਪਰਿਵਾਰ ਹਰ ਸਾਲ 5 ਲੱਖ ਰੁਪਏ ਤੱਕ ਦੀ ਨਗਦੀ ਰਹਿਤ ਇਲਾਜ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਕੀਮ ਲਗਭਗ 1600 ਕਿਸਮਾਂ ਦੇ ਇਲਾਜਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਜਿਸ ਵਿਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ, ਜਾਣੋ ਕਦੋਂ ਮਿਲੇਗੀ ਤਪਸ਼ ਭਰੀ ਗਰਮੀ ਤੋਂ ਰਾਹਤ

ਹੋਰ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 16.65 ਲੱਖ ਸਮਾਜਿਕ-ਆਰਥਿਕ ਜਾਤੀ ਜਨਗਣਨਾ-2011 (ਐੱਸ. ਈ. ਸੀ. ਸੀ.-2011) ਲਾਭਪਾਤਰੀ ਪਰਿਵਾਰਾਂ ਲਈ ਪ੍ਰੀਮੀਅਮ ਦੀ ਲਾਗਤ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ 60:40 ਦੇ ਅਨੁਪਾਤ ਵਿਚ ਵੰਡੀ ਜਾ ਰਹੀ ਹੈ, ਜਦੋਂ ਕਿ ਬਾਕੀ 27.38 ਲੱਖ ਲਾਭਪਾਤਰੀ ਪਰਿਵਾਰ ਸੂਬੇ (ਰਾਜ ਖਜ਼ਾਨਾ ਅਤੇ ਵਿਭਾਗਾਂ) ਦੁਆਰਾ ਪੂਰੀ ਤਰ੍ਹਾਂ ਕਵਰ ਕੀਤੇ ਜਾਂਦੇ ਹਨ। ਹੁਣ ਤੱਕ, ਲਗਭਗ 79 ਲੱਖ ਲਾਭਪਾਤਰੀਆਂ ਨੇ ਇਸ ਯੋਜਨਾ ਤਹਿਤ ਈ-ਕਾਰਡ ਪ੍ਰਾਪਤ ਕੀਤੇ ਹਨ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੀਆਂ ਖ਼ਬਰਾਂ ’ਤੇ ਲੱਗਾ ਵਿਰਾਮ

ਸੀ. ਈ. ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇਸ ਸਕੀਮ ਅਧੀਨ ਮੁਫ਼ਤ ਸਿਹਤ ਇਲਾਜ ਦਾ ਲਾਭ ਲੈਣ ਲਈ ਆਪਣੇ ਲਾਭਪਾਤਰੀ ਕਾਰਡ ਪ੍ਰਾਪਤ ਕਰਨ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦਾ ਸਬੂਤ, ਪਰਿਵਾਰ ਘੋਸ਼ਣਾ ਫਾਰਮ, ਰਾਸ਼ਨ ਕਾਰਡ, ਲੇਬਰ ਕਾਰਡ ਆਦਿ ਸਮੇਤ ਦਸਤਾਵੇਜ਼ ਨਾਲ ਲਿਆਉਣ ਲਈ ਵੀ ਕਿਹਾ। ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਕਿਸਾਨ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ, ਰਜਿਸਟਰਡ ਵਰਕਰ, ਐੱਸ. ਈ. ਸੀ. ਸੀ. ਡਾਟਾ ਪਰਿਵਾਰ ਅਤੇ ਰਜਿਸਟਰਡ ਪੱਤਰਕਾਰਾਂ ਨੂੰ ਕਵਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੂਬੇ ਦੀਆਂ ਆਂਗਣਵਾੜੀ ਵਰਕਰਾਂ ਲਈ ਅਹਿਮ ਖ਼ਬਰ, ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਆਇਆ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News