ਆਵਾਸ ਯੋਜਨਾ : ਅਦਾਲਤ ''ਚ ਪਹੁੰਚੇਗਾ ਅਲਾਟ ਹੋਏ ਫਲੈਟਾਂ ਨੂੰ ਰੱਦ ਕਰਨ ਦਾ ਮਾਮਲਾ

Wednesday, Oct 04, 2017 - 04:37 PM (IST)

ਆਵਾਸ ਯੋਜਨਾ : ਅਦਾਲਤ ''ਚ ਪਹੁੰਚੇਗਾ ਅਲਾਟ ਹੋਏ ਫਲੈਟਾਂ ਨੂੰ ਰੱਦ ਕਰਨ ਦਾ ਮਾਮਲਾ

ਮੋਹਾਲੀ (ਨਿਆਮੀਆਂ) : ਪੰਜਾਬ ਦੀ ਕਾਂਗਰਸ ਸਰਕਾਰ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਰੱਦ ਕਰਕੇ ਤੇ ਹੋਰ ਹੇਰ-ਫੇਰ ਕਰਕੇ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਜੇਕਰ ਲੋੜ ਪਈ ਤਾਂ ਅਕਾਲੀ ਦਲ ਵਲੋਂ ਇਸ ਦੇ ਖਿਲਾਫ ਅਦਾਲਤ ਵਿਚ ਕੇਸ ਪਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਕ ਪੱਤਰਕਾਰ ਸੰਮੇਲਨ ਵਿਚ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕੀਤਾ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕੀਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮੋਹਾਲੀ ਜ਼ਿਲੇ ਵਿਚ ਲਾਭਪਾਤਰੀਆਂ ਨੂੰ ਕਾਫੀ ਗਿਣਤੀ ਵਿਚ ਫਲੈਟ ਅਲਾਟ ਕੀਤੇ ਗਏ ਸਨ ਤੇ ਇਸ ਸਬੰਧੀ ਲਾਭਪਾਤਰੀਆਂ ਨੂੰ ਬੈਂਕਾਂ ਵਲੋਂ ਕਰਜ਼ੇ ਸਬੰਧੀ ਫਾਰਮੈਲਟੀਆਂ ਪੂਰੀਆਂ ਕਰਨ ਦੇ ਪੱਤਰ ਵੀ ਆ ਗਏ ਸਨ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਫਲੈਟਾਂ ਦੀ ਅਲਾਟਮੈਂਟ ਰੱਦ ਕਰਕੇ ਮੁੜ ਅਰਜ਼ੀਆਂ ਮੰਗ ਲਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਕਾਰਵਾਈ ਗਲਤ ਹੈ ਤੇ ਇਸ ਕਾਰਵਾਈ ਵਿਰੁੱਧ ਉਹ ਅਦਾਲਤ ਵਿਚ ਜਾਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰੀ ਸਕੀਮ ਤਹਿਤ ਪੰਜਾਬ ਸਰਕਾਰ ਨੇ ਹੀ ਗਰੀਬਾਂ ਤੇ ਲੋੜਵੰਦ ਲੋਕਾਂ ਨੂੰ ਇਹ ਫਲੈਟ ਅਲਾਟ ਕੀਤੇ ਸਨ ਤੇ ਇਨ੍ਹਾਂ ਲੋਕਾਂ ਨੂੰ ਸਿਰ ਉਪਰ ਛੱਤ ਮਿਲਣ ਦੀ ਸੰਭਾਵਨਾ ਬਣ ਗਈ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ, ਜਿਸ ਕਾਰਨ ਜਿਹੜੇ ਲੋਕਾਂ ਨੂੰ ਫਲੈਟ ਅਲਾਟ ਹੋਏ ਸਨ, ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਫੈਸਲੇ ਨਾਲ ਇਸ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ ਤੇ ਪੰਜਾਬੀਆਂ ਨੂੰ ਵੀ ਪਤਾ ਲਗ ਗਿਆ ਹੈ ਕਿ ਇਸ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਅਲਾਟ ਕੀਤੇ ਫਲੈਟਾਂ ਨੂੰ ਰੱਦ ਕਰਕੇ ਮੁੜ ਅਰਜ਼ੀਆਂ ਮੰਗਣ ਦਾ ਪੰਜਾਬ ਸਰਕਾਰ ਦਾ ਫੈਸਲਾ ਲੋਕ ਵਿਰੋਧੀ ਹੈ ਤੇ ਉਹ ਇਸ ਫੈਸਲੇ ਖਿਲਾਫ ਅਦਾਲਤ ਵਿਚ ਜਾਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਹਾਲੀ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਬਬਰਾ, ਕੌਂਸਲਰ ਆਰ. ਪੀ. ਸ਼ਰਮਾ, ਕੌਂਸਲਰ ਰਜਨੀ ਗੋਇਲ ਦੇ ਪਤੀ ਅਰੁਣ ਗੋਇਲ ਤੇ ਕੌਂਸਲਰ ਗੁਰਮੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਵੀ ਮੌਜੂਦ ਸਨ।


Related News