ਆਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ
Tuesday, Jun 13, 2017 - 05:43 PM (IST)
ਜੈਤੋ(ਜਿੰਦਲ)-ਪੰਜਾਬ ਦੇ ਲੋਕ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਘਿਰੇ ਹੋਏ ਹਨ। ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਨਾਲ-ਨਾਲ ਆਵਾਰਾ ਕੁੱਤਿਆਂ ਨੇ ਵੀ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ। ਸੜਕਾਂ 'ਤੇ ਚੱਲ ਰਹੇ ਵਾਹਨਾਂ ਦੇ ਪਿਛਲੇ ਭੱਜਣਾ ਅਤੇ ਵਾਹਨਾਂ ਦੇ ਭੱਜ ਕੇ ਅੱਗੇ ਆਉਣ ਨਾਲ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਮਨੁੱਖੀ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਆਵਾਰਾ ਘੁੰਮਦੇ ਹੋਏ ਕਈ ਖੂੰਖਾਰ ਕੁੱਤੇ ਰਾਹ ਜਾਂਦੇ ਲੋਕਾਂ ਦੇ ਪਿੱਛੇ ਪੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਵੱਢਦੇ ਵੀ ਹਨ। ਕੁੱਤੇ ਦੇ ਵੱਢਣ ਨਾਲ ਵਿਅਕਤੀ ਨੂੰ ਟੀਕੇ ਲਵਾਉਣੇ ਵੀ ਜ਼ਰੂਰੀ ਹਨ। ਇਸ ਤੋਂ ਇਲਾਵਾ ਕਈ ਬੀਮਾਰ ਅਤੇ ਜ਼ਖ਼ਮੀ ਕੁੱਤੇ ਆਵਾਰਾ ਭੱਜੇ ਫ਼ਿਰਦੇ ਹਨ ਅਤੇ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਹਨ। ਇਨ੍ਹਾਂ ਤੋਂ ਬਦਬੂ ਆਉਂਦੀ ਰਹਿੰਦੀ ਹੈ। ਆਵਾਰਾ ਅਤੇ ਖੁੰਖਾਰ ਕੁੱਤੇ ਛੋਟੇ ਬੱਚਿਆਂ ਨੂੰ ਵੀ ਜ਼ਖ਼ਮੀ ਕਰ ਦਿੰਦੇ ਹਨ। ਪੰਜਾਬ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਲੱਖਾਂ 'ਚ ਹੈ। ਸਰਕਾਰ ਵੱਲੋਂ ਇਨ੍ਹਾਂ ਨੂੰ ਮਾਰਨ 'ਤੇ ਪਾਬੰਦੀ ਲਾਈ ਹੋਈ ਹੈ। ਇਸ ਤੋਂ ਪਹਿਲਾਂ ਨਗਰ ਕੌਂਸਲ ਵਾਲੇ ਆਵਾਰਾ ਕੁੱਤਿਆਂ ਨੂੰ ਗੋਲੀਆਂ ਪਾ ਕੇ ਉਨ੍ਹਾਂ ਨੂੰ ਮਾਰ ਦਿੰਦੇ ਸਨ। ਆਮ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਕੇ ਇਸ ਦਾ ਹੱਲ ਲੱਭਿਆ ਜਾਵੇ ਤਾਂ ਕਿ ਇਨ੍ਹਾਂ ਆਵਾਰਾ ਅਤੇ ਬੀਮਾਰ ਕੁੱਤਿਆਂ ਕਾਰਨ ਮਨੁੱਖਤਾ ਦਾ ਨੁਕਸਾਨ ਨਾ ਹੋ ਸਕੇ।
