ਪੰਜਾਬੀਆਂ ਲਈ ਮਾਣ ਦੀ ਗੱਲ, ਪਿੰਡ ਕਾਲੇਕੇ ਦੇ ਜੰਮਪਲ ਅਵਤਾਰ ਸਿੰਘ ਗਿੱਲ ਕੈਨੇਡਾ ’ਚ ਲੜਨਗੇ ਵਿਧਾਨ ਸਭਾ ਚੋਣਾਂ

Monday, Apr 01, 2024 - 06:25 AM (IST)

ਪੰਜਾਬੀਆਂ ਲਈ ਮਾਣ ਦੀ ਗੱਲ, ਪਿੰਡ ਕਾਲੇਕੇ ਦੇ ਜੰਮਪਲ ਅਵਤਾਰ ਸਿੰਘ ਗਿੱਲ ਕੈਨੇਡਾ ’ਚ ਲੜਨਗੇ ਵਿਧਾਨ ਸਭਾ ਚੋਣਾਂ

ਬਾਘਾ ਪੁਰਾਣਾ (ਮੁਨੀਸ਼, ਵਿਕਰਾਂਤ)– ਭਾਵੇਂ ਪੰਜਾਬੀ ਰੋਜ਼ੀ-ਰੋਟੀ ਲਈ ਵਿਦੇਸ਼ਾਂ ’ਚ ਗਏ ਹਨ ਪਰ ਉਥੇ ਜਾ ਕੇ ਵੀ ਕਿਸੇ ਨਾ ਕਿਸੇ ਖ਼ੇਤਰ ’ਚ ਪੰਜਾਬੀਆਂ ਨੇ ਪੰਜਾਬ ਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਹ ਖ਼ੇਤਰ ਭਾਵੇਂ ਸਮਾਜਿਕ ਹੋਵੇ, ਰਾਜਨੀਤਕ ਹੋਵੇ ਜਾਂ ਕੋਈ ਹੋਰ। ਪ੍ਰਸਿੱਧ ਰਿਐਲਟਰ ਤੇ ਸਕਾਟ ਰੋਡ ਸਰੀ ਦੇ ਚੀਫ ਅਫਸਰ ਅਵਤਾਰ ਸਿੰਘ ਗਿੱਲ ਨੂੰ ਬੀ. ਸੀ. ਦੀ ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਇਲਾਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਜੇਕਰ ਅਵਤਾਰ ਸਿੰਘ ਦੀ ਵਿਦੇਸ਼ ’ਚ ਰਿਹਾਇਸ਼ ਦੀ ਗੱਲ ਕਰੀਏ ਤਾਂ ਉਹ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਕੈਨੇਡਾ ’ਚ ਰਹਿ ਰਹੇ ਹਨ ਤੇ ਉਹ ਪਿੰਡ ਕਾਲੇਕੇ (ਬਾਘਾ ਪੁਰਾਣਾ) ਜ਼ਿਲਾ ਮੋਗਾ ਦੇ ਜੰਮਪਲ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ’ਚ ਵਾਲੰਟੀਅਰ ਕੰਮਾਂ ਰਾਹੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ।

ਰਾਜਨੀਤਕ ਖ਼ੇਤਰ ਦੇ ਨਾਲ-ਨਾਲ ਸਮਾਜਿਕ ਖ਼ੇਤਰ ’ਚ ਵੀ ਅਵਤਾਰ ਸਿੰਘ ਦੀਆਂ ਵੱਡੀਆਂ ਸੇਵਾਵਾਂ ਹਨ। ਉਹ ਗੁਰੂ ਨਾਨਕ ਫਰੀ ਕਿਚਨ ਦੇ ਮੁੱਢਲੇ ਮੈਂਬਰ ਵੀ ਹਨ, ਜੋ ਕਿ ਹਰ ਹਫ਼ਤੇ ਡਾਊਨਟਾਊਨ ਵੈਨਕੂਵਰ ’ਚ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਹਨ, ਉਹ ਅਕਾਲ ਅਕੈਡਮੀ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਹ ਸਿੱਖ ਸੇਵਾ ਫਾਊਂਡੇਸ਼ਨ ਆਫ ਕੈਨੇਡਾ ਦੇ ਫਾਊਂਡਰ ਤੇ ਚੇਅਰਮੈਨ ਵੀ ਹਨ। ਇਸ ਤੋਂ ਇਲਾਵਾ ਉਹ ਕੈਨੇਡਾ ਦੀ ਸਭ ਤੋਂ ਪੁਰਾਤਨ ਸਿੱਖ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਫਾਈਵ ਰਿਵਰ ਸੁਸਾਇਟੀ ਦੇ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾਅ ਚੁਕੇ ਹਨ, ਇੰਨਾ ਹੀ ਨਹੀਂ, ਉਹ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ’ਚ ਸੇਵਾਵਾਂ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਟਰੰਪ ਦੀ ਵੀਡੀਓ ਨਾਲ ਅਮਰੀਕਾ ’ਚ ਮਚਿਆ ਹੰਗਾਮਾ, ਰਾਸ਼ਟਰਪਤੀ ਬਾਈਡੇਨ ਨੂੰ ਲੈ ਕੇ ਕਰ ਦਿੱਤੀ ਇਹ ਹਰਕਤ

ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਹੋਰ ਉਚੇਰੀ ਵਿੱਦਿਆ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰਾਪਤ ਕੀਤੀ। ਭਾਵੇਂ ਸਿਆਸੀ ਖ਼ੇਤਰ ਉਨ੍ਹਾਂ ਲਈ ਬਿਲਕੁਲ ਨਵੀਨ ਹੈ ਤੇ ਉਹ ਭਾਈਚਾਰੇ ’ਚ ਵਿਚਰਨ ਤੇ ਕੰਮ ਕਰਨ ਦਾ ਬਹੁਤ ਤਜਰਬਾ ਰੱਖਦੇ ਹਨ। ਪਿੰਡ ਕਾਲੇਕੇ ਤੇ ਇਲਾਕੇ ’ਚ ਉਨ੍ਹਾਂ ਨੂੰ ਟਿਕਟ ਮਿਲਣ ’ਤੇ ਖ਼ੁਸ਼ੀ ਦਾ ਮਾਹੌਲ ਹੈ ਤੇ ਦੇਸ਼-ਵਿਦੇਸ਼ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਅੱਜ-ਕੱਲ ਪੰਜਾਬ ਫੇਰੀ ’ਤੇ ਆਏ ਹੋਏ ਹਨ। ਉਨ੍ਹਾਂ ਦੀ ਇਸ ਖ਼ਬਰ ਤੋਂ ਬਾਅਦ ਪੰਜਾਬੀਆਂ ਦੇ ਨਾਲ-ਨਾਲ ਸਿੱਖ ਜਗਤ ’ਚ ਵੀ ਖ਼ੁਸ਼ੀ ਦਾ ਮਾਹੌਲ ਹੈ। ਉਮੀਦ ਹੈ ਕਿ ਪੰਜਾਬੀ ਅਵਤਾਰ ਸਿੰਘ ਨੂੰ ਇਨ੍ਹਾਂ ਚੋਣਾਂ ’ਚ ਜਿਤਾ ਕੇ ਵਿਧਾਨ ਸਭਾ ਭੇਜਣਗੇ ਤੇ ਅਵਤਾਰ ਸਿੰਘ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News