ਵੱਡੀ ਕਾਰਵਾਈ: 6 ਕਾਂਗਰਸੀ ਕੌਂਸਲਰਾਂ ''ਤੇ ਡਿੱਗੀ ਗਾਜ, 5 ਸਾਲਾਂ ਲਈ ਪਾਰਟੀ ’ਚੋਂ ਕੀਤਾ ਬਾਹਰ
Thursday, Feb 27, 2025 - 11:06 AM (IST)

ਜਲੰਧਰ (ਚੋਪੜਾ)–ਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਾਂਗਰਸ ਦੇ 6 ਕੌਂਸਲਰਾਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਨੂੰ ਲੈ ਕੇ 5 ਸਾਲਾਂ ਲਈ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਅਵਤਾਰ ਹੈਨਰੀ ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਕਿਹਾ ਕਿ ਬਠਿੰਡਾ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਪੱਖ ਵਿਚ ਵੋਟਿੰਗ ਕਰਨ ਦੇ ਦੋਸ਼ਾਂ ਕਾਰਨ ਇਨ੍ਹਾਂ ਕੌਂਸਲਰਾਂ, ਜਿਨ੍ਹਾਂ ਵਿਚ ਸੋਨੀਆ, ਮਮਤਾ, ਅਨੀਤਾ ਗੋਇਲ, ਕਿਰਨ ਰਾਣੀ, ਸੁਰੇਸ਼ ਕੁਮਾਰ ਅਤੇ ਵਿਕਰਮ ਕ੍ਰਾਂਤੀ ਸ਼ਾਮਲ ਹਨ, ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਹੈਨਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਬਠਿੰਡਾ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਸਮੇਤ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਬਠਿੰਡਾ ਸ਼ਹਿਰ ਦੇ ਮੇਅਰ ਦੀ ਚੋਣ ਦੌਰਾਨ ਕੁਝ ਕਾਂਗਰਸੀ ਕੌਂਸਲਰਾਂ ਨੇ ਆਪਣੀ ਵੋਟ ਕਾਂਗਰਸ ਦੀ ਬਜਾਏ ‘ਆਪ’ ਉਮੀਦਵਾਰ ਨੂੰ ਦਿੱਤੀ ਸੀ, ਜਿਸ ਕਾਰਨ ਘੱਟ ਗਿਣਤੀ ਹੋਣ ਦੇ ਬਾਵਜੂਦ ‘ਆਪ’ ਦਾ ਮੇਅਰ ਬਣ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਖ਼ਰਾਬ ਹੋਵੇਗਾ ਮੌਸਮ, ਵਧੇਗੀ ਠੰਡ, ਤੂਫ਼ਾਨ ਤੇ ਭਾਰੀ ਮੀਂਹ ਦਾ Alert ਜਾਰੀ
ਹੈਨਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦੇ ਬਠਿੰਡਾ ਦੇ 19 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ 19 ਵਿਚੋਂ 13 ਕੌਂਸਲਰਾਂ ਨੇ ਆਪਣਾ ਪੱਖ ਰੱਖਦਿਆਂ ਲਿਖਤੀ ਤੌਰ ’ਤੇ ਨੋਟਿਸ ਦਾ ਜਵਾਬ ਅਨੁਸ਼ਾਸਨ ਕਮੇਟੀ ਨੂੰ ਦੇ ਦਿੱਤਾ ਸੀ ਪਰ ਬਾਕੀ 6 ਕੌਂਸਲਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ।
ਹੈਨਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਕਾਲ ਵਿਚ ਹਰੇਕ ਵਰਗ ਦੁਖ਼ੀ ਅਤੇ ਝੂਠੇ ਵਾਅਦਿਆਂ ਨਾਲ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਪੰਜਾਬ ਵਿਚ ਲੰਮੇ ਸਮੇਂ ਤੋਂ ਕਿਸਾਨ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿਚ ਅਸਫ਼ਲ ਸਾਬਤ ਹੋਈ ਹੈ, ਜਿਸ ਕਾਰਨ ਉਹ ਨਾਜਾਇਜ਼ ਢੰਗ ਨਾਲ ਜਾਨ ਜੋਖਮ ਵਿਚ ਪਾ ਕੇ ਅਤੇ ਲੱਖਾਂ ਰੁਪਏ ਖ਼ਰਚ ਕੇ ਅਮਰੀਕਾ ਜਾਣਾ ਚਾਹੁੰਦੇ ਹਨ। ਟੈਕਸ ਪਾਲਿਸੀ, ਪ੍ਰਸ਼ਾਸਨਿਕ ਗੁੰਝਲਾਂ ਅਤੇ ਆਰਥਿਕ ਅਸਥਿਰਤਾ ਕਾਰਨ ਪਹਿਲਾਂ ਹੀ ਬੰਦ ਹੋਣ ਦੇ ਕੰਢੇ ਖੜ੍ਹੀ ਇੰਡਸਟਰੀ ਅਤੇ ਵਪਾਰ ਦੂਜੇ ਸੂਬਿਆਂ ਵਿਚ ਪਲਾਇਨ ਕਰ ਰਿਹਾ ਹੈ। ਪੰਜਾਬ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਹੱਥਾਂ ’ਚ ਸੱਤਾ ਦੀ ਕੁੰਜੀ ਸੌਂਪਣ ਲਈ ਤਿਆਰ ਹੈ। ਉਨ੍ਹਾਂ ਨੇ ਸਾਰੇ ਨੇਤਾਵਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਿਚ ਇਕਜੁੱਟਤਾ ਬਣਾਈ ਰੱਖਣ ਅਤੇ ਇਕਜੁੱਟਤਾ ਨਾਲ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਕਾਂਗਰਸ ਦਾ ਬਣੇਗਾ।
ਇਹ ਵੀ ਪੜ੍ਹੋ : Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e