ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਟੋ ਰਿਪੇਅਰ ਕਰਨ ਵਾਲੇ ਤੋਂ ਠੱਗੇ 25 ਲੱਖ
Saturday, Nov 30, 2024 - 08:15 AM (IST)
ਲੁਧਿਆਣਾ (ਰਾਮ) : ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਟੋ ਰਿਪੇਅਰ ਕਰਨ ਵਾਲੇ ਵਿਅਕਤੀ ਤੋਂ 25 ਲੱਖ ਰੁਪਏ ਦੀ ਠੱਗੀ ਮਾਰ ਕੇ ਸ਼ਾਤਰ ਠੱਗ ਫ਼ਰਾਰ ਹੋ ਗਏ। ਆਪਣੀ ਜ਼ਿੰਦਗੀ ਦੀ ਪੂੰਜੀ ਬਰਬਾਦ ਕਰਨ ਤੋਂ ਬਾਅਦ ਪੀੜਤ ਹੁਣ ਠੋਕਰਾਂ ਖਾ ਰਿਹਾ ਹੈ। ਪੀੜਤ ਮੁਲਜ਼ਮਾਂ ਨੂੰ 10 ਸਾਲਾਂ ਤੋਂ ਜਾਣਦਾ ਸੀ ਅਤੇ ਇਸ ਦਾ ਫਾਇਦਾ ਚੁੱਕ ਕੇ ਉਹ ਕਮੇਟੀਆਂ ਦੇ ਨਾਂ ’ਤੇ ਮੋਟਾ ਮੁਨਾਫ਼ਾ ਲੈ ਕੇ ਪੈਸੇ ਹੜੱਪਦੇ ਰਹੇ। ਉਨ੍ਹਾਂ ਨੇ ਉਸ ਦੀ ਅਸਲ ਰਕਮ ਵੀ ਉਸ ਨੂੰ ਵਾਪਸ ਨਹੀਂ ਕੀਤੀ। ਹੁਣ ਮੁਲਜ਼ਮ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ ਹਨ ਅਤੇ ਪੀੜਤ ਧਿਰ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਲਈ ਪੁਲਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ ਰਹੀ ਹੈ। ਪੀੜਤ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਲਈ ਏ. ਡੀ. ਸੀ. ਪੀ.-2 ਦੇ ਦਫ਼ਤਰ ’ਚ ਲਿਖਤੀ ਸ਼ਿਕਾਇਤ ਦਿੱਤੀ ਹੈ।
ਗਿੱਲ ਰੋਡ ’ਤੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਟੋਆਂ ਦੀ ਮੁਰੰਮਤ ਦਾ ਕੰਮ ਕਰ ਰਿਹਾ ਹੈ। ਮੁਲਜ਼ਮਾਂ ਨਾਲ ਉਸ ਦੀ ਕਰੀਬ 10 ਸਾਲਾਂ ਤੋਂ ਚੰਗੀ ਜਾਣ-ਪਛਾਣ ਸੀ। ਇਕ ਦਿਨ ਉਹ ਮੁੱਖ ਮੁਲਜ਼ਮ ਨੂੰ ਮਿਲਿਆ ਅਤੇ ਜ਼ਰੂਰੀ ਕੰਮ ਦਾ ਹਵਾਲਾ ਦੇ ਕੇ ਉਸ ਤੋਂ 12.50 ਲੱਖ ਰੁਪਏ ਦਾ ਕਰਜ਼ਾ ਮੰਗਿਆ। ਅਮਰਜੀਤ ਸਿੰਘ ਨੇ ਉਸ ਨੂੰ ਇਹ ਰਕਮ ਦੇ ਦਿੱਤੀ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਉਸ ਨੇ ਅਮਰਜੀਤ ਸਿੰਘ ਨੂੰ ਪੈਸੇ ਵਾਪਸ ਨਹੀਂ ਕੀਤੇ। ਅਮਰਜੀਤ ਸਿੰਘ ਨੇ ਸਖ਼ਤੀ ਨਾਲ ਉਸ ਨੂੰ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ 8.50 ਲੱਖ ਰੁਪਏ ਵਾਪਸ ਕਰ ਦਿੱਤੇ। ਉਸ ਨੇ ਅਮਰਜੀਤ ਨੂੰ ਧੋਖਾ ਦਿੱਤਾ ਕਿ ਉਹ ਕਮੇਟੀਆਂ ’ਤੇ ਕੰਮ ਕਰਦਾ ਹੈ ਅਤੇ ਉਹ ਵੀ ਆਪਣੇ ਨਾਲ ਕਮੇਟੀ ਪਾ ਲਵੇ। ਉਹ ਉਸ ਨੂੰ ਚੰਗਾ ਮੁਨਾਫਾ ਦੇਵੇਗਾ ਅਤੇ ਉਸ ਦੇ ਬਾਕੀ 4 ਲੱਖ ਰੁਪਏ ਵੀ ਕਮੇਟੀ ਵਿਚ ਹੀ ਐਡਜਸਟ ਕਰੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਤੋਂ ਕਮੇਟੀ ਦੇ ਨਾਂ ’ਤੇ ਸਮੇਂ-ਸਮੇਂ ’ਤੇ 5 ਲੱਖ ਰੁਪਏ ਲੈ ਲਏ।
ਇਹ ਵੀ ਪੜ੍ਹੋ : ਫੋਨ 'ਤੇ ਰਾਹੁਲ ਗਾਂਧੀ ਖ਼ਿਲਾਫ਼ ਡਿਬੇਟ ਸੁਣ ਰਹੇ ਸਨ ਡਰਾਈਵਰ-ਕੰਡਕਟਰ, ਕਾਂਗਰਸ ਸਰਕਾਰ ਨੇ ਭੇਜ 'ਤਾ ਨੋਟਿਸ
ਇਸ ਤੋਂ ਬਾਅਦ ਚਲਾਕ ਠੱਗ ਨੇ ਖੇਡ ਖੇਡਦੇ ਹੋਏ ਆਪਣੇ ਹੀ ਇਕ ਜਾਣਕਾਰ ਨੂੰ ਕਮੇਟੀ ਚੁਕਾ ਦਿੱਤੀ ਅਤੇ ਅਮਰਜੀਤ ਸਿੰਘ ਨੂੰ 3 ਲੱਖ ਰੁਪਏ ਦੇਣ ਲਈ ਕਿਹਾ, ਜਿਸ ਦੀ ਰਕਮ ਉਸ ਦੀ ਕਮੇਟੀ ਆਉਣ ’ਤੇ ਐਡਜਸਟ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਉਸ ਨੇ ਅਮਰਜੀਤ ਸਿੰਘ ਤੋਂ 3 ਲੱਖ ਰੁਪਏ ਹੋਰ ਲੈ ਲਏ। ਇਸ ਤਰ੍ਹਾਂ ਮੁਲਜ਼ਮਾਂ ਨੇ ਅਮਰਜੀਤ ਸਿੰਘ ਤੋਂ ਕੁੱਲ 12 ਲੱਖ ਰੁਪਏ ਲੈ ਲਏ ਅਤੇ ਕਦੇ ਵੀ ਉਸ ਨੂੰ ਕੋਈ ਕਮੇਟੀ ਨਹੀਂ ਚੁਕਾਈ ਅਤੇ ਲਾਅਰੇਬਾਜ਼ੀ ਕਰ ਕੇ ਸਮਾਂ ਕੱਢਦੇ ਰਹੇ। ਇਸ ਤਰ੍ਹਾਂ ਅਮਰਜੀਤ ਸਿੰਘ ਨੂੰ ਮੁਨਾਫਾ ਤਾਂ ਕੀ ਦੇਣਾ ਉਸ ਦੀ ਮੂਲ ਰਕਮ ਵੀ ਹੜੱਪ ਲਈ ਗਈ।
ਪਤਨੀ ਨੂੰ ਧੋਖਾ ਦੇ ਕੇ 16 ਲੱਖ ਰੁਪਏ ਹੜੱਪੇ
ਅਮਰਜੀਤ ਸਿੰਘ ਅਨੁਸਾਰ ਇਸ ਤੋਂ ਬਾਅਦ ਮੁੱਖ ਮੁਲਜ਼ਮ ਦੇ 2 ਸਾਥੀਆਂ ਨੇ ਉਸ ਦੀ ਪਤਨੀ ਤੋਂ ਕਿਸੇ ਕੰਮ ਦੇ ਬਹਾਨੇ ਸਮੇਂ-ਸਮੇਂ ’ਤੇ 4-4 ਲੱਖ ਰੁਪਏ, ਕੁੱਲ 16 ਲੱਖ ਰੁਪਏ ਉਧਾਰ ਲਏ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਜ਼ਮਾਂ ਤੋਂ ਉਧਾਰ ਲਏ 16 ਲੱਖ ਰੁਪਏ ਵਾਪਸ ਕਰਨ ਲਈ ਕਿਹਾ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ, ਸਗੋਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ। ਇਸ ਦੇ ਬਦਲੇ 25 ਲੱਖ ਰੁਪਏ ਵਸੂਲੇ ਜਾਣਗੇ ਅਤੇ ਇਸ ਦੇ ਬਦਲੇ 16 ਲੱਖ ਰੁਪਏ ਦਾ ਕਰਜ਼ਾ ਐਡਜਸਟ ਕੀਤਾ ਜਾਵੇਗਾ। ਉਸ ਨੇ ਅਮਰਜੀਤ ਸਿੰਘ ਤੋਂ 9 ਲੱਖ ਰੁਪਏ ਹੋਰ ਵਸੂਲ ਲਏ। ਇਸ ਤੋਂ ਬਾਅਦ ਨਾ ਤਾਂ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਮੁਲਜ਼ਮ ਆਪਣੇ ਟਿਕਾਣੇ ਤੋਂ ਫਰਾਰ ਹੋ ਗਏ। ਅਮਰਜੀਤ ਸਿੰਘ ਕਾਫੀ ਦੇਰ ਤੱਕ ਉਨ੍ਹਾਂ ਦੀ ਭਾਲ ਕਰਦਾ ਰਿਹਾ ਪਰ ਮੁਲਜ਼ਮਾਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ। ਉਸ ਨੇ ਕਿਸੇ ਤਰ੍ਹਾਂ 6 ਨਵੰਬਰ ਨੂੰ ਮੁੱਖ ਦੋਸ਼ੀ ਨੂੰ ਲੱਭ ਲਿਆ ਅਤੇ ਉਸ ’ਤੇ ਪੈਸੇ ਵਾਪਸ ਕਰਨ ਲਈ ਦਬਾਅ ਵੀ ਪਾਇਆ ਪਰ ਉਸ ਨੇ ਫਿਰ ਪੈਸੇ ਵਾਪਸ ਕਰਨ ਲਈ ਸਮਾਂ ਮੰਗਿਆ।
ਇਹ ਵੀ ਪੜ੍ਹੋ : ਨਹਾਉਣ ਜਾਣ ਤੋਂ ਪਹਿਲਾਂ ਗੈਸ ਤੇ ਇਲੈਕਟ੍ਰਿਕ ਗੀਜ਼ਰ ਨਾਲ ਜੁੜੀ ਇਹ ਗ਼ਲਤੀ ਨਾ ਕਰੋ, ਨਹੀਂ ਤਾਂ ਹੋ ਸਕਦਾ ਹੈ ਹਾਦਸਾ
ਮੁਲਜ਼ਮ ਨੇ ਲਿਖਤੀ ਰੂਪ ’ਚ ਪੈਸੇ ਵਾਪਸ ਕਰਨ ਲਈ ਵੀ ਸਹਿਮਤੀ ਦਿੱਤੀ ਪਰ ਇਸ ਤੋਂ ਬਾਅਦ ਉਸ ਨੇ ਫਿਰ ਆਪਣਾ ਟਿਕਾਣਾ ਬਦਲ ਲਿਆ। ਉਦੋਂ ਤੋਂ ਹੀ ਅਮਰਜੀਤ ਸਿੰਘ ਉਸ ਦੀ ਭਾਲ ’ਚ ਘਰ-ਘਰ ਭੱਜ ਰਿਹਾ ਹੈ। ਅਮਰਜੀਤ ਸਿੰਘ ਨੇ ਹੁਣ ਏ. ਡੀ. ਸੀ. ਪੀ.-2 ਦੇ ਦਫ਼ਤਰ ’ਚ ਮੁਲਜ਼ਮਾਂ ਖਿਲਾਫ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8