ਆਟੋ ਸਮੂਹਿਕ ਜਬਰ-ਜ਼ਨਾਹ ਦੇ ਮੁਲਜ਼ਮ ਨੇ ਹੀ ਬਣਾਇਆ ਸੀ ਕਾਲ ਸੈਂਟਰ ਗਰਲ ਨੂੰ ਸ਼ਿਕਾਰ

03/14/2018 8:01:59 AM

ਚੰਡੀਗੜ੍ਹ (ਸੰਦੀਪ) - ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਇਕ ਲੜਕੀ ਨਾਲ 2016 ਵਿਚ ਉਸੇ ਆਟੋ ਰਿਕਸ਼ਾ ਚਾਲਕ ਮੁਹੰਮਦ ਇਰਫਾਨ ਤੇ ਉਸ ਦੇ ਦੋ ਸਾਥੀਆਂ ਨੇ ਸਮੂਹਿਕ ਜਬਰ-ਜ਼ਨਾਹ ਕੀਤਾ ਸੀ, ਜਿਨ੍ਹਾਂ ਨੇ ਨਵੰਬਰ 2017 ਵਿਚ ਸੈਕਟਰ-53 ਵਿਚ ਇਕ ਲੜਕੀ ਨਾਲ ਆਟੋ ਰਿਕਸ਼ਾ ਵਿਚ ਸਮੂਹਿਕ ਜਬਰ-ਜ਼ਨਾਹ ਕੀਤਾ ਸੀ। ਇਸ ਮਾਮਲੇ ਵਿਚ ਮੁਹੰਮਦ ਇਰਫਾਨ ਬੁੜੈਲ ਜੇਲ ਵਿਚ ਬੰਦ ਹੈ। ਅੱਜ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਇਰਫਾਨ ਨੂੰ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ 'ਤੇ ਜੇਲ ਤੋਂ ਲਿਆ ਕੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਤੀਸਰੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ 5 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਪਰ ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ।  
ਮੁਹੰਮਦ ਇਰਫਾਨ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸੈਕਟਰ-53 ਦੇ ਜੰਗਲ ਵਿਚ ਮੋਹਾਲੀ ਨਿਵਾਸੀ ਲੜਕੀ ਨਾਲ ਕੀਤੇ ਗਏ ਸਮੂਹਿਕ ਜਬਰ-ਜ਼ਨਾਹ ਮਾਮਲੇ ਵਿਚ ਬੁੜੈਲ ਜੇਲ ਵਿਚ ਬੰਦ ਹੈ। ਅਦਾਲਤ ਵਿਚ ਪੇਸ਼ੀ ਦੌਰਾਨ ਪੁਲਸ ਨੇ ਦਲੀਲ ਦਿੱਤੀ ਕਿ ਸੀ. ਐੱਫ. ਐੱਸ. ਐੱਲ. ਰਿਪੋਰਟ ਵਿਚ ਮੁਲਜ਼ਮ ਮੁਹੰਮਦ ਇਰਫਾਨ ਦਾ ਡੀ. ਐੱਨ. ਏ. ਮੈਚ ਕਰਨ ਤੋਂ ਬਾਅਦ ਪੁਲਸ ਨੇ ਪੀੜਤਾ ਤੋਂ ਉਸ ਦੀ ਸ਼ਨਾਖਤ ਕਰਵਾਈ ਸੀ। ਪੀੜਤਾ ਵਲੋਂ ਉਸ ਦੀ ਪਛਾਣ ਤੇ ਡੀ. ਐੱਨ. ਏ. ਮੈਚ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਇਸ ਮਾਮਲੇ ਵਿਚ ਮੁਲਜ਼ਮ ਬਣਾਇਆ ਹੈ।
ਪੁਲਸ ਅਨੁਸਾਰ ਮਾਮਲੇ ਵਿਚ ਤੀਸਰਾ ਮੁਲਜ਼ਮ ਯੂ. ਪੀ. ਜਾਂ ਦਿੱਲੀ ਵਿਚ ਲੁਕਿਆ ਹੈ। ਮੁਹੰਮਦ ਇਰਫਾਨ ਨੂੰ ਉਸ ਦਾ ਪਤਾ ਹੈ ਕਿ ਉਹ ਕਿਥੇ ਲੁਕਿਆ ਹੈ। ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਤੀਸਰੇ ਮੁਲਜ਼ਮ ਨੂੰ ਗ੍ਰਿਫਤਾਰ ਕਰਨਾ ਹੈ। ਇਸ ਲਈ ਪੁਲਸ ਨੇ ਮੁਲਜ਼ਮ ਦਾ ਪੰਜ ਦਿਨਾਂ ਦਾ ਰਿਮਾਂਡ ਮੰਗਿਆ ਸੀ।
ਅਦਾਲਤ ਨੇ ਪੁਲਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਹੰਮਦ ਇਰਫਾਨ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਉਥੇ ਹੀ ਮੁਲਜ਼ਮ ਨੂੰ ਪੇਸ਼ੀ 'ਤੇ ਲਿਆਉਂਦੇ ਸਮੇਂ ਕੇਸ ਦੀ ਪੀੜਤਾ ਤੇ ਉਸ ਦੀ ਮਾਂ ਕੋਰਟ ਰੂਮ ਦੇ ਬਾਹਰ ਸੀ। ਮੁਲਜ਼ਮ ਨੂੰ ਦੇਖਦੇ ਹੀ ਦੋਵਾਂ ਦਾ ਗੁੱਸਾ ਫੁੱਟ ਪਿਆ। ਦੋਵਾਂ ਨੇ ਮੁਲਜ਼ਮ 'ਤੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਉਸ ਦੇ ਥੱਪੜ ਮਾਰ ਦਿੱਤੇ, ਜਿਸ ਦੇ ਨਾਲ ਹੀ ਕੋਰਟ ਰੂਮ ਦੇ ਬਾਹਰ ਜ਼ੋਰਦਾਰ ਹੰਗਾਮਾ ਹੋ ਗਿਆ। ਅਚਾਨਕ ਹੋਈ ਘਟਨਾ ਨਾਲ ਪੁਲਸ ਕਰਮਚਾਰੀ ਵੀ ਹਰਕਤ ਵਿਚ ਆ ਗਏ ਤੇ ਤੁਰੰਤ ਫੋਰਸ ਸੱਦ ਕੇ ਸਥਿਤੀ 'ਤੇ ਕਾਬੂ ਪਾਇਆ।
ਇਹ ਹੈ ਮਾਮਲਾ
ਧਿਆਨਯੋਗ ਹੈ ਕਿ 12 ਦਸੰਬਰ 2016 ਨੂੰ ਸੈਕਟਰ-34 ਸਥਿਤ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਲੜਕੀ ਨੇ ਰਾਤ ਨੂੰ ਘਰ ਜਾਣ ਲਈ ਸੈਕਟਰ-34 ਦੀ ਮੁੱਖ ਸੜਕ ਤੋਂ ਇਕ ਆਟੋ ਹਾਇਰ ਕੀਤਾ ਸੀ। ਇਸ ਵਿਚ ਚਾਲਕ ਸਮੇਤ 3 ਨੌਜਵਾਨ ਸਨ। ਜਿਵੇਂ ਹੀ ਆਟੋ ਸੈਕਟਰ-29 ਵਿਚ ਆਇਰਨ ਮਾਰਕੀਟ ਤੋਂ ਸਲਿਪ ਰੋਡ ਤੋਂ ਹੁੰਦਾ ਅੱਗੇ ਵਧਿਆ ਤਾਂ ਨਾਲ ਲਗਦੇ ਜੰਗਲ ਵਿਚ ਹੀ ਅਚਾਨਕ ਆਟੋ ਚਾਲਕ ਨੇ ਆਟੋ ਰੋਕ ਦਿੱਤਾ। ਇਸ ਤੋਂ ਪਹਿਲਾਂ ਕਿ ਲੜਕੀ ਕੁਝ ਸਮਝ ਸਕਦੀ, ਤਿੰਨੇ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਜੰਗਲ ਵੱਲ ਲੈ ਗਏ ਤੇ ਉਥੇ ਚਾਕੂ ਦੀ ਨੋਕ 'ਤੇ ਸਾਰਿਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਪੀੜਤਾ ਨੇ ਘਰ ਪਹੁੰਚ ਕੇ ਇਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਤੇ ਬਾਅਦ ਵਿਚ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ 3 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਵਾਰਦਾਤ ਤੋਂ 6 ਦਿਨਾਂ ਬਾਅਦ ਇਕ ਆਟੋ ਚਾਲਕ ਵਸੀਮ ਮਲਿਕ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸਦਾ ਰਿਮਾਂਡ ਵੀ ਲਿਆ ਸੀ ਪਰ ਪੁਲਸ ਹੋਰ ਦੋ ਮੁਲਜ਼ਮਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਕੀਤੇ ਗਏ ਆਟੋ ਦਾ ਸੁਰਾਗ ਨਹੀਂ ਲਾ ਸਕੀ।


Related News