ਚੰਡੀਗੜ੍ਹ 'ਚ ਹੋ ਰਹੇ 'ਏਅਰਸ਼ੋਅ' ਨੇ ਬਾਗੋ-ਬਾਗ ਕੀਤੇ ਆਟੋ ਚਾਲਕ, ਮਿਲਿਆ ਵੱਡਾ ਫ਼ਾਇਦਾ (ਤਸਵੀਰਾਂ)
Saturday, Oct 08, 2022 - 03:55 PM (IST)
ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਹੋ ਰਹੇ ਏਅਰਸ਼ੋਅ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਆਟੋ ਚਾਲਕਾਂ ਨੂੰ ਪਹੁੰਚਿਆ। ਦਰਅਸਲ ਏਅਰਸ਼ੋਅ ਕਾਰਨ ਸਵੇਰ ਤੋਂ ਹੀ ਸੀ. ਟੀ. ਯੂ. ਦੀਆਂ ਸਾਰੀਆਂ ਬੱਸਾਂ ਏਅਰਸ਼ੋਅ ਦੇਖਣ ਵਾਲੇ ਲੋਕਾਂ ਨੂੰ ਲਿਆਉਣ ਅਤੇ ਲਿਜਾਣ 'ਚ ਲੱਗੀਆਂ ਹੋਈਆਂ ਸਨ। ਸੀ. ਟੀ. ਯੂ. ਦੀਆਂ ਕਰੀਬ 358 ਬੱਸਾਂ ਦੀ ਡਿਊਟੀ ਲੋਕਾਂ ਨੂੰ ਲਿਆਉਣ ਅਤੇ ਲਿਜਾਣ 'ਚ ਲਾਈ ਗਈ ਸੀ। ਅਜਿਹੇ 'ਚ ਆਟੋ ਚਾਲਕਾਂ ਦੀ ਚਾਂਦੀ ਲੱਗ ਗਈ।
ਇਹ ਵੀ ਪੜ੍ਹੋ : 'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
ਚੰਡੀਗੜ੍ਹ ਬੱਸ ਅੱਡੇ ਬਾਹਰ ਆਟੋਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਜਿਹੜੇ ਲੋਕ ਲੋਕਲ ਰੂਟ 'ਤੇ ਜਾਣ ਲਈ ਸੀ. ਟੀ. ਯੂ. ਦੀਆਂ ਬੱਸਾਂ ਦਾ ਇਸਤੇਮਾਲ ਕਰਦੇ ਸਨ, ਉਨ੍ਹਾਂ ਨੂੰ ਬੱਸਾਂ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਆਟੋਆਂ 'ਚ ਸਫ਼ਰ ਕਰਨਾ ਪਿਆ।
ਚੰਡੀਗੜ੍ਹ ਦੇ ਸੈਕਟਰ-17 ਅਤੇ ਸੈਕਟਰ-43 ਬੱਸ ਅੱਡੇ 'ਤੇ ਲੋਕ ਉਡੀਕ ਕਰ ਰਹੇ ਸਨ ਕਿ ਬੱਸਾਂ ਪੁੱਜਣਗੀਆਂ ਅਤੇ ਬੱਸਾਂ ਰਾਹੀਂ ਉਹ ਆਪਣੇ ਦਫ਼ਤਰ ਜਾਂ ਘਰ ਜਾ ਸਕਣਗੇ। ਏਅਰਸ਼ੋਅ ਕਾਰਨ ਲੋਕਾਂ ਨੂੰ ਬੱਸਾਂ ਨਹੀਂ ਮਿਲੀਆਂ।
ਇੱਥੋਂ ਤੱਕ ਕਿ ਸੀ. ਟੀ. ਯੂ. ਦੀਆਂ ਲੰਬੇ ਰੂਟ ਦੀਆਂ ਬੱਸਾਂ ਵੀ ਲੋਕਾਂ ਨੂੰ ਲਿਆਉਣ ਅਤੇ ਲਿਜਾਣ 'ਚ ਲੱਗੀਆਂ ਹੋਈਆਂ ਸਨ, ਜਿਸ ਕਾਰਨ ਆਟੋ ਵਾਲਿਆਂ ਦਾ ਬਹੁਤ ਫ਼ਾਇਦਾ ਹੋਇਆ। ਜਦੋਂ ਇਸ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸੀ. ਟੀ. ਯੂ. ਦੀਆਂ ਸੇਵਾਵਾਂ ਬੰਦ ਸਨ ਤਾਂ ਉਨ੍ਹਾਂ ਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਸੀ। ਲੋਕਾਂ ਨੇ ਕਿਹਾ ਕਿ ਲੋਕਲ ਰੂਟ ਦੀਆਂ ਬੱਸਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਲੋਕਲ 'ਚ ਕਾਫ਼ੀ ਲੋਕਾਂ ਨੂੰ ਬੱਸਾਂ 'ਚ ਆਉਣਾ-ਜਾਣਾ ਪੈਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ