ਆਸਟਰੀਆ ਦੀ ਪੰਜਾਬਣ ਕੁੜੀ ਵੱਲੋਂ ਕਿਸਾਨਾਂ ਦੇ ਪਰਿਵਾਰਾਂ ਲਈ ਸਹਾਇਤਾ ਚੇਨ ਦੀ ਸ਼ੁਰੂਆਤ
Thursday, Dec 24, 2020 - 08:39 PM (IST)
ਜਲੰਧਰ- ਆਸਟਰੀਆ ਵੱਸਦੀ ਪੰਜਾਬ ਦੀ ਜੰਮਪਲ ਐੱਮ. ਕੇ. ਸਾਂਝ ਵੱਲੋਂ ਅੱਜ ਅਜਿਹੀ ਚੇਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਅਧੀਨ ਜੋ ਪਰਿਵਾਰ ਕਿਸਾਨੀ ਅੰਦੋਲਨ 'ਚ ਸ਼ਹੀਦੀ ਪਾ ਗਏ ਜਾਂ ਕਿਸੇ ਘਟਨਾ ਦੇ ਸ਼ਿਕਾਰ ਰਾਹੀਂ ਅਪਾਹਿਜ ਹੋ ਗਏ ਹਨ, ਜਿਨ੍ਹਾਂ ਦਾ ਪਰਿਵਾਰ 'ਚ ਕੋਈ ਨਹੀਂ ਰਿਹਾ, ਉਨ੍ਹਾਂ ਦੀ ਮਦਦ ਪੰਜਾਹ-ਪੰਜਾਹ ਹਜ਼ਾਰ ਨਕਦ ਰਾਸ਼ੀ ਦੇ ਕੇ ਕੀਤੀ ਗਈ। ਅੱਜ ਇਕ ਪਰਿਵਾਰ ਗੋਲੂ ਕਿਸਾਨ ਪਿੰਡ ਚਮਟ ਜ਼ਿਲ੍ਹਾ ਲੁਧਿਆਣਾ ਦਾ ਸੀ, ਜਿਸ ਦੀ ਦਿੱਲੀ ਧਰਨੇ ਦੌਰਾਨ ਮੌਤ ਹੋ ਗਈ ਸੀ, ਉਸਦੇ ਪਰਿਵਾਰ ਵਿੱਚ ਹੁਣ ਕੋਈ ਕਮਾਈ ਕਰਨ ਵਾਲਾ ਨਹੀਂ ਰਿਹਾ ਅਤੇ ਉਸਦੇ ਬੱਚੇ ਵੀ ਅਜੇ ਨਿੱਕੇ ਹਨ, ਪਰਿਵਾਰ ਦੀ ਮੱਦਦ 50,000 ਨਕਦ ਰਾਸ਼ੀ ਨਾਲ ਕੀਤੀ ਗਈ। ਮੌਕੇ ਤੇ ਮੌਜੂਦ ਕਰਨ ਭਰਦਵਾਜ, ਸੋਨੂ ਭਾਰਦਵਾਜ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੱਕਤਰ ਮੇਜਰ ਸਿੰਘ ਗਿੱਲ, ਸੁਖਵੀਰ ਸਿੰਘ ਥਿੰਦ, ਕਬੱਡੀ ਖਿਡਾਰੀ ਏਕਮ ਹਠੂਰ, ਸਾਂਝ ਬਾਜਵਾ ਸਪੋਰਟਸ ਕਲੱਬ ਆਸਟਰੀਆ ਦੇ ਕੋਚ ਬਿੰਦਰ ਗਹਿਲ, ਰਮਨ ਬੈਨੀਪਾਲ ਨੇ ਕਿਹਾ ਕਿ ਆਪਾਂ ਦਿੱਲੀ 'ਚ ਜਿਥੇ ਵੀ ਸੇਵਾ ਕਰ ਰਹੇ ਹਾਂ, ਉਥੇ ਨਾਲ-ਨਾਲ ਇਨ੍ਹਾਂ ਪਰਿਵਾਰਾਂ ਦੀ ਮੱਦਦ ਵੀ ਜ਼ਰੂਰ ਕਰੀਏ ਤਾਂ ਕਿ ਇਨ੍ਹਾਂ ਦੇ ਪਰਿਵਾਰ ਨਾ ਰੁਲਣ।
ਉਥੇ ਹੀ ਟੇਕ ਚੰਦ, ਪਰਮ ਭਾਰਦਵਾਜ ਯੂ. ਐੱਸ. ਏ. ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਜੋ ਸ਼ਹੀਦੀ ਪਾ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਸਾਨੂੰ ਬਾਂਹ ਫੜਨੀ ਚਾਹੀਦੀ ਹੈ। ਇਸਦੇ ਨਾਲ ਹੀ ਕਬੱਡੀ ਖਿਡਾਰੀ ਭੂਰਾ, ਜੋ ਕਿ ਕਿਸਾਨੀ ਸੰਘਰਸ਼ 'ਚ ਇੱਕ ਸੜਕ ਹਾਦਸੇ ਦੌਰਾਨ ਸਦਾ ਲਈ ਮੰਜੇ 'ਤੇ ਬਹਿਣ ਲਈ ਮਜ਼ਬੂਰ ਹੋ ਗਿਆ, ਉਸਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀ, ਉਸ ਨੂੰ ਵੀ ਸਾਂਝ ਕਬੱਡੀ ਕਲੱਬ ਦੇ ਖਿਡਾਰੀਆਂ ਤੇ ਬਘੇਲ ਸਿੰਘ ਯੂ. ਐੱਸ. ਏ. ਵੱਲੋਂ ਵੱਧ ਤੋਂ ਵੱਧ ਮੱਦਦ ਵੀ ਕੀਤੀ ਗਈ ਹੈ ਤੇ ਅੱਜ ਇਸ ਪਰਿਵਾਰ ਨੂੰ 50,000 ਦੀ ਰਾਸ਼ੀ ਵੀ ਦਿੱਤੀ ਗਈ। ਐੱਮ. ਕੇ ਸਾਂਝ ਦਾ ਕਹਿਣਾ ਹੈ ਕਿ ਜੋ ਪਰਿਵਾਰ ਦੇ ਮੈਂਬਰ ਸ਼ਹੀਦੀ ਪਾ ਗਏ ਹਨ, ਜਿਨ੍ਹਾਂ ਦੇ ਮਗਰ ਕੋਈ ਨਹੀਂ ਰਿਹਾ, ਉਨ੍ਹਾਂ ਦੀ ਇਸ ਚੇਨ ਰਾਹੀਂ ਪੰਜਾਬੀ ਸਿੰਗਰ ਸਪੋਰਟਸ ਪਲੇਅਰ ਐੱਨ. ਆਰ. ਆਈ. ਵੀਰਾਂ ਨਾਲ ਮਿਲ ਕੇ ਪਰਿਵਾਰਾਂ ਦੀ ਮੱਦਦ ਕੀਤੀ ਜਾਵੇਗੀ।