ਢਾਈ ਕਰੋਡ਼ ਦੀ ਹੈਰੋਇਨ ਸਣੇ ਭੂਆ-ਭਤੀਜਾ ਕਾਬੂ

01/11/2020 8:41:42 PM

ਤਰਨਤਾਰਨ, (ਰਮਨ)- ਜ਼ਿਲਾ ਤਰਨਤਾਰਨ ਦੀ ਐੱਸ. ਟੀ. ਐੱਫ. ਪੁਲਸ ਨੇ ਭੂਆ ਅਤੇ ਭਤੀਜੇ ਨੂੰ ਢਾਈ ਕਰੋਡ਼ ਦੀ ਹੈਰਇਨ ਸਣੇ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਥਾਣਾ ਹਰੀਕੇ ਪੱਤਣ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਨੂੰ ਐਤਵਾਰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਸਬ ਇੰਸਪੈਕਟਰ ਅਨੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਇਕ ਔਰਤ ਅਤੇ ਇਕ ਵਿਅਕਤੀ ਜੋ ਰਿਸ਼ਤੇ ’ਚ ਭੂਆ-ਭਤੀਜੇ ਹਨ, ਵੱਲੋਂ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕੀਤਾ ਜਾ ਰਿਹਾ ਹੈ ਅਤੇ ਇਹ ਲੋਕਾਂ ਦੇ ਘਰਾਂ ’ਚ ਜਾ ਕੇ ਡਲਿਵਰੀ ਦਿੰਦੇ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਧਰੁਵ ਦਹੀਆ ਦੇ ਧਿਆਨ ’ਚ ਸਾਰੀ ਗੱਲ ਲਿਆਉਣ ਤੋਂ ਬਾਅਦ ਮਿਲੇ ਹੁਕਮਾਂ ਤਹਿਤ ਅੱਜ ਦੁਪਹਿਰ ਪਿੰਡ ਬੂਹ ਪੱਟੀ ਰੋਡ ’ਤੇ ਨਾਕਾਬੰਦੀ ਕਰਦੇ ਹੋਏ ਇਕ ਇਨੋਵਾ ਗੱਡੀ ਨੰਬਰ ਡੀ. ਐੱਲ.-3-ਸੀ.- ਬੀ. ਡੀ.- 0278 ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਪੱਟੀ ਵਾਲੀ ਸਾਈਡ ਨੂੰ ਜਾ ਰਹੀ ਸੀ। ਇਸ ਦੌਰਾਨ ਗੱਡੀ ’ਚ ਸਵਾਰ ਮਹਿਲਾ (ਜਿਸ ਦਾ ਨਾਮ ਜਸਬੀਰ ਕੌਰ ਉਰਫ ਜੱਸ ਪਤਨੀ ਬਿੱਕਰ ਸਿੰਘ ਵਾਸੀ ਫਤਿਹਗਡ਼੍ਹ ਸਭਰਾਂ ਜ਼ਿਲਾ ਫਿਰੋਜ਼ਪੁਰ) ਪਾਸੋਂ ਮਹਿਲਾ ਕਾਸਟੇਬਲ ਵੱਲੋਂ ਲਈ ਗਈ ਤਲਾਸ਼ੀ ਦੌਰਾਨ 200 ਗ੍ਰਾਮ ਹੈਰੋਇਨ ਅਤੇ ਗੱਡੀ ਚਾਲਕ ਵਰਿੰਦਰ ਸਿੰਘ ਉਰਫ ਕਾਲੂ ਪੁੱਤਰ ਸਰਵਨ ਸਿੰਘ ਵਾਸੀ ਭਿੱਖੀਵਿੰਡ ਜ਼ਿਲਾ ਤਰਨਤਾਰਨ ਪਾਸੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਿਸ਼ਤੇ ਵਿਚ ਭੂਆ-ਭਤੀਜਾ ਹਨ ਜੋ ਅੱਜ ਪੱਟੀ ਵਿਖੇ ਕਿਸੇ ਨੂੰ ਹੈਰੋਇਨ ਦੀ ਡਲਿਵਰੀ ਦੇਣ ਜਾ ਰਹੇ ਸਨ। ਜਿਨ੍ਹਾਂ ਖਿਲਾਫ ਥਾਣਾ ਹਰੀਕੇ ਪੱਤਣ ਵਿਖੇ ਮਾਮਲਾ ਦਰਜ ਕਰਦੇ ਹੋਏ ਐਤਵਾਰ ਮਾਣਯੋਗ ਅਦਾਲਤ ਵਿਚ ਪੇਸ਼ ਕਰਦੇ ਹੋਏ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋਡ਼ ਰੁਪਏ ਦੱਸੀ ਜਾਂਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਪਾਸੋਂ ਰਿਮਾਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੱਥੋਂ ਹੈਰੋਇਨ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਸਨ ਅਤੇ ਇਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਜ਼ੀਰੋ ਟਾਲਰੈਂਸ ਤਹਿਤ ਕੰਮ ਕੀਤਾ ਜਾ ਰਿਹਾ ਹੈ, ਜਿਸ ’ਚ ਪੁਲਸ ਨੂੰ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ।


Bharat Thapa

Content Editor

Related News