ਔਜਲਾ ਵੱਲੋਂ ਐੱਮ. ਪੀ. ਲੈਂਡ ਫੰੰਡ ਨੂੰ ਰੱਦ ਕੀਤੇ ਜਾਣ ਦੇ ਮਤੇ ਦਾ ਵਿਰੋਧ

Wednesday, Apr 08, 2020 - 09:24 PM (IST)

ਅੰਮ੍ਰਿਤਸਰ, (ਮਮਤਾ)- ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੋਵਿਡ-19 ਖਿਲਾਫ ਜੰਗ ’ਚ ਵਿੱਤੀ ਸਾਧਨ ਪੈਦਾ ਕਰਨ ਲਈ ਕੁਝ ਸੁਝਾਅ ਭੇਜੇ ਹਨ। ਇਸ ਦੇ ਨਾਲ ਹੀ ਉਨ੍ਹਾਂ ਐੱਮ. ਪੀ. ਲੈਂਡ ਫੰਡ ਰੱਦ ਕੀਤੇ ਜਾਣ ਦੇ ਮਤੇ ਦਾ ਵੀ ਵਿਰੋਧ ਕੀਤਾ। ਪ੍ਰਧਾਨ ਮੰਤਰੀ ਮੋਦੀ ਨੂੰ ਈ-ਮੇਲ ਰਾਹੀਂ ਭੇਜੇ ਪੱਤਰ ’ਚ ਔਜਲਾ ਨੇ ਜਿਥੇ ਸਾਰੇ ਐੱਮ. ਪੀਜ਼ ਦੀ ਤਨਖਾਹ 30 ਫੀਸਦੀ ਘਟਾਉਣ ਦੇ ਫੈਸਲੇ ਨੂੰ ਸਮੇਂ ਦੀ ਲੋੜ ਦੱਸਿਆ, ਉਥੇ ਕੇਂਦਰ ਸਰਕਾਰ ਨੂੰ ਵੀ ਆਪਣੇ ਵਾਧੂ ਖਰਚਿਆਂ ’ਚ ਕਟੌਤੀ ਕਰਨ ਦੀ ਸਲਾਹ ਦਿੱਤੀ।ਔਜਲਾ ਨੇ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮੀਡੀਆ ਇਸ਼ਤਿਹਾਰਾਂ ਜਿਨ੍ਹਾਂ ’ਚ ਕੋਵਿਡ-19 ਨਾਲ ਸਬੰਧਤ ਸੁਝਾਵਾਂ ਅਤੇ ਪਬਲਿਕ ਹੈਲਥ ਸਬੰਧੀ ਮੁੱਦਿਆਂ ’ਤੇ ਇਸ਼ਤਿਹਾਰਾਂ ਨੂੰ ਛੱਡ ਕੇ ਹੋਰ ਸਰਕਾਰੀ ਅਤੇ ਪਬਲਿਕ ਸੈਕਟਰ ਅਧੀਨ ਦਿੱਤੇ ਜਾਣ ਵਾਲੇ ਵਾਧੂ ਇਸ਼ਤਿਹਾਰਾਂ ’ਤੇ 2 ਸਾਲ ਲਈ ਰੋਕ ਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਸ਼ਤਿਹਾਰਾਂ ’ਤੇ ਔਸਤਨ ਹਰ ਸਾਲ 1250 ਕਰੋਡ਼ ਰੁਪਏ ਖਰਚ ਕੀਤੇ ਜਾਂਦੇ ਹਨ, ਜਦਕਿ ਕੋਵਿਡ-19 ਤੋਂ ਪ੍ਰਭਾਵਿਤ ਸਮਾਜਿਕ ਅਤੇ ਆਰਥਿਕ ਨੁਕਸਾਨ ਨਾਲ ਨਜਿੱਠਣ ਲਈ ਇਹ ਰਾਸ਼ੀ ਵਰਤੀ ਜਾ ਸਕਦੀ ਹੈ। ਉਨ੍ਹਾਂ ਇਸ ਤੋਂ ਇਲਾਵਾ ਸੈਂਟਰਲ ਵਿਸਟਾ ਜੋ ਕਿ ਸੁੰਦਰੀਕਰਨ ਅਤੇ ਨਿਰਮਾਣ ਸਬੰਧੀ ਪ੍ਰਾਜੈਕਟਾਂ ਨਾਲ ਸਬੰਧਤ ਹੈ, ਜਿਸ ਦੇ ਲਈ 20 ਹਜ਼ਾਰ ਕਰੋਡ਼ ਰੁਪਏ ਖਰਚ ਕੀਤੇ ਜਾਣੇ ਹਨ, ਨੂੰ ਰੱਦ ਕਰਨ ਦੀ ਮੰਗ ਕਰਦਿਆਂ ਸਲਾਹ ਦਿੱਤੀ ਕਿ ਇਹ ਪੈਸਾ ਨਵੇਂ ਹਸਪਤਾਲ ਬਣਾਉਣ ਅਤੇ ਕੋਵਿਡ-19 ਨਾਲ ਸਬੰਧਤ ਉਪਕਰਨਾਂ, ਪੀ. ਪੀ. ਈ. ਕਿੱਟਾਂ ਅਤੇ ਫਰੰਟ ਲਾਈਨ ਵਰਕਰਾਂ ਲਈ ਵਰਤਿਆ ਜਾਵੇ।

ਇਸੇ ਤਰ੍ਹਾਂ ਸਰਕਾਰ ਵੱਲੋਂ ਬਜਟ ’ਚ ਰੱਖੇ ਗਏ ਖਰਚਿਆਂ ’ਚ 30 ਫੀਸਦੀ ਦੀ ਕਟੌਤੀ ਜੋ ਕਿ ਲਗਭਗ 2.5 ਲੱਖ ਕਰੋਡ਼ ਬਣਦੀ ਹੈ, ਨੂੰ ਪ੍ਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਦੀ ਭਲਾਈ ਲਈ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ, ਮੱੁਖ ਮੰਤਰੀਆਂ ਅਤੇ ਰਾਜ ਮੰਤਰੀਆਂ ਤੋਂ ਇਲਾਵਾ ਨੌਕਰਸ਼ਾਹਾਂ ਦੇ ਸਾਰੇ ਵਿਦੇਸ਼ੀ ਦੌਰਿਆਂ ’ਤੇ ਰੋਕ ਲਾਉਣ ਦੀ ਮੰਗ ਕਰਦਿਆਂ ਇਨ੍ਹਾਂ ’ਤੇ ਖਰਚ ਹੋਣ ਵਾਲੀ ਰਾਸ਼ੀ ਨੂੰ ਕੋਵਿਡ-19 ਸਬੰਧੀ ਫੰਡਾਂ ’ਚ ਵਰਤਣ ਲਈ ਕਿਹਾ ਹੈ। ਔਜਲਾ ਨੇ ਐੱਮ. ਪੀ. ਲੈਂਡ ਫੰਡ ਦੇ ਮਤੇ ਨੂੰ ਰੱਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਸਾਰੇ ਐੱਮ. ਪੀਜ਼ ਨੂੰ ਕੋਵਿਡ-19 ਨਾਲ ਸਬੰਧਤ ਮੱੁਦਿਆਂ ’ਤੇ ਪੈਸਾ ਖਰਚ ਕਰਨ ਲਈ ਕਿਹਾ ਗਿਆ ਹੈ। ਸਾਰੇ ਮੈਂਬਰਾਂ ਵੱਲੋਂ ਇਸ ਫੰਡ ਦੀ ਵਰਤੋਂ ਪੀ. ਪੀ. ਈ. ਕਿੱਟਾਂ ਅਤੇ ਮੈਡੀਕਲ ਉਪਕਰਨ ਖਰੀਦਣ ਲਈ ਕੀਤੀ ਜਾ ਰਹੀ ਹੈ, ਜੇਕਰ ਇਹ ਫੰਡ ਰੱਦ ਕਰ ਦਿੱਤੇ ਗਏ ਤਾਂ ਸਾਰਿਆਂ ਲਈ ਇਸ ਸਬੰਧੀ ਉਪਰਾਲੇ ਕਰਨੇ ਮੁਸ਼ਕਲ ਹੋ ਜਾਣਗੇ।


Bharat Thapa

Content Editor

Related News