ਪੰਜਾਬ ਦੇ ਸਰਕਾਰੀ ਕਾਲਜਾਂ ''ਚ ਅਗਲੇ ਸੈਸ਼ਨ ਤੋਂ ਦਾਖਲੇ ਤੇ ਹਾਜ਼ਰੀ ਹੋਵੇਗੀ ਆਨਲਾਈਨ

06/21/2018 1:55:15 AM

ਚੰਡੀਗੜ੍ਹ (ਬਿਊਰੋ) - ਸੂਬੇ ਦੀ ਉਚੇਰੀ ਸਿੱਖਿਆ ਪ੍ਰਣਾਲੀ ਵਿਚ ਵਿਆਪਕ ਪੱਧਰ 'ਤੇ ਸੁਧਾਰ ਲਿਆਉਣ ਲਈ ਅਗਲੇ ਅਕਾਦਮਿਕ ਸੈਸ਼ਨ ਤੋਂ ਸਰਕਾਰੀ ਕਾਲਜਾਂ ਵਿਚ ਆਨਲਾਈਨ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸਰਕਾਰੀ ਕਾਲਜਾਂ ਵਿਚ ਸਿੱਖਿਆ ਦੇ ਮਿਆਰ ਦੀ ਸਮੀਖਿਆ ਕਰਨ ਲਈ ਹਰ ਕਾਲਜ ਵੱਲੋਂ ਅਕਾਦਮਿਕ ਤੇ ਹੋਰ ਗਤੀਵਿਧੀਆਂ ਸਬੰਧੀ ਮਹੀਨਾਵਾਰ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਹ ਫੈਸਲੇ ਰਜ਼ੀਆ ਸੁਲਤਾਨਾ, ਉਚੇਰੀ ਸਿੱਖਿਆ ਮੰਤਰੀ, ਪੰਜਾਬ ਦੀ ਪ੍ਰਧਾਨਗੀ ਅਧੀਨ ਸਰਕਾਰੀ ਕਾਲਜ ਦੇ ਪ੍ਰਿੰਸੀਪਲਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਲਏ ਗਏ। ਇਸ ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਐੱਸ. ਕੇ. ਸੰਧੂ, ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਐੱਮ. ਪੀ. ਅਰੋੜਾ ਤੇ ਡੀ. ਪੀ. ਆਈ. (ਕਾਲਜ) ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਹ ਵੀ ਫੈਸਲਾ ਲਿਆ ਗਿਆ ਕਿ ਅਗਲੀ ਮੀਟਿੰਗ ਵਿਚ ਅਕਾਦਮਿਕ ਗਤੀਵਿਧੀਆਂ ਅਤੇ ਅਗਲੇ ਸਾਲ ਲਈ ਵਿੱਢੀ ਗਈ ਰੂਪ-ਰੇਖਾ ਦੀ ਸਮੀਖਿਆ, ਆਨਲਾਈਨ ਦਾਖਲੇ, ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਤੌਰ 'ਤੇ ਵਧਾਉਣਾ, ਫੈਕਲਟੀ, ਐੱਨ. ਏ. ਏ. ਸੀ. ਪ੍ਰਵਾਨਗੀ ਸਬੰਧੀ ਸਥਿਤੀ, ਗ੍ਰੈਜੂਏਟ ਕੋਰਸਾਂ ਦੇ ਵਿਸ਼ਿਆਂ ਦੇ ਕੰਬੀਨੇਸ਼ਨ ਅਤੇ ਵਿਦਿਆਰਥੀਆਂ ਵਿਚ ਹਾਂ-ਪੱਖੀ ਜਜ਼ਬਾ ਪੈਦਾ ਕਰਨ ਲਈ ਵਿਸ਼ੇਸ਼ ਲੈਕਚਰ ਤੇ ਲਾਇਬ੍ਰੇਰੀਆਂ ਦੀ ਸਥਿਤੀ ਸੁਧਾਰਨ ਦੇ ਹੁਕਮ ਦਿੱਤੇ ਗਏ। ਰਜ਼ੀਆ ਸੁਲਤਾਨਾ ਨੇ ਕਿਹਾ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਸਰਕਾਰੀ ਕਾਲਜਾਂ ਵਿਚ ਆਨਲਾਈਨ ਹਾਜ਼ਰੀ ਦੀ ਪ੍ਰਣਾਲੀ ਅਪਣਾਈ ਜਾਵੇਗੀ ਅਤੇ ਅਕਾਦਮਿਕ ਆਡਿਟ ਲਈ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਜੋ ਸਰਕਾਰੀ ਕਾਲਜਾਂ ਦੇ ਵਿੱਦਿਅਕ ਮਿਆਰ ਨੂੰ ਸਿਖਰਾਂ 'ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਲਾਇਬ੍ਰੇਰੀ ਵਿਚ ਅਖਬਾਰਾਂ, ਮੈਗਜ਼ੀਨ ਅਤੇ ਕੌਮਾਂਤਰੀ ਜਨਰਲਜ਼ ਦੀ ਉਪਲਬੱਧਤਾ ਯਕੀਨੀ ਬਣਾਉਣ 'ਤੇ ਵੀ ਜ਼ੋਰ ਦਿੱਤਾ।


Related News