ਨਸ਼ਾ ਕਰਨ ਲਈ ਗਰਾਊਂਡ ਖਾਲੀ ਕਰਵਾਉਣ ਵਾਸਤੇ ਕੀਤਾ ਖਿਡਾਰੀਆਂ ''ਤੇ ਹਮਲਾ
Saturday, Aug 19, 2017 - 04:24 AM (IST)
ਲੁਧਿਆਣਾ, (ਰਾਮ)- ਆਪਣਾ ਨਸ਼ਾ ਕਰਨ ਲਈ ਨੌਜਵਾਨਾਂ ਨੂੰ ਖੇਡ ਗਰਾਊਂਡ 'ਚ ਖੇਡਣ ਤੋਂ ਰੋਕਣ ਲਈ ਕੁਝ ਨਸ਼ੇੜੀ ਨੌਜਵਾਨਾਂ ਵੱਲੋਂ ਕੀਤੇ ਗਏ ਕਥਿਤ ਹਮਲੇ 'ਚ ਦੋ ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ, ਜੋ ਸੀ. ਐੱਮ. ਸੀ. 'ਚ ਦਾਖਲ ਹੈ। ਘਟਨਾ ਚੌਕੀ ਤਾਜਪੁਰ ਰੋਡ 'ਤੇ ਸਾਹਮਣੇ ਕੇਂਦਰੀ ਜੇਲ ਦੇ ਨਾਲ ਬਣੇ ਹੋਏ ਕਬੱਡੀ ਗਰਾਊਂਡ 'ਚ ਵਾਪਰੀ ਦੱਸੀ ਜਾ ਰਹੀ ਹੈ। ਜਿੱਥੇ ਕੁਝ ਨੌਜਵਾਨ ਕਬੱਡੀ ਖੇਡ ਰਹੇ ਸਨ, ਜਿਨ੍ਹਾਂ ਨੂੰ ਰੋਕਣ ਲਈ ਕੁਝ ਨਸ਼ੇੜੀ ਨੌਜਵਾਨਾਂ ਨੇ ਉਨ੍ਹਾਂ ਉੱਪਰ ਬੇਸਬੈਟ ਅਤੇ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਬਾਅਦ ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰ. 7 ਤੋਂ ਥਾਣੇਦਾਰ ਸਤਨਾਮ ਸਿੰਘ ਅਤੇ ਰਾਕੇਸ਼ ਕੁਮਾਰ ਦੀ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਪਰ ਉਦੋਂ ਤੱਕ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਦਾਖਲ ਲਲਿਤ ਕੁਮਾਰ ਪੁੱਤਰ ਰਾਮ ਆਸਰੇ ਵਾਸੀ ਜੀ. ਟੀ. ਬੀ. ਨਗਰ, ਤਾਜਪੁਰ ਰੋਡ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਸਾਥੀਆਂ ਸੋਨੂੰ, ਬਲਜਿੰਦਰ ਸਿੰਘ ਅਤੇ ਹੋਰਨਾਂ ਨਾਲ ਕੇਂਦਰੀ ਜੇਲ ਦੇ ਨਾਲ ਸਥਿਤ ਕਬੱਡੀ ਗਰਾਊਂਡ 'ਚ ਕਬੱਡੀ ਖੇਡ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਆਉਂਦੇ ਹੀ ਉਨ੍ਹਾਂ ਪਰ ਬੇਸਬੈਟ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਹਮਲੇ 'ਚ ਉਸ ਨੂੰ ਅਤੇ ਬਲਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ। ਬਲਜਿੰਦਰ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. 'ਚ ਦਾਖਲ ਹੈ। ਲਲਿਤ ਨੇ ਦੱਸਿਆ ਕਿ ਪੰਕਜ ਰਾਜਪੂਤ, ਤੇਜ਼ੀ ਪੰਡਤ, ਤਰਸੇਮ ਹਰਿਆਣਵੀ ਅਤੇ ਪਵਨ ਭੱਟੀ ਨੇ ਆਪਣੇ 10-12 ਅਣਪਛਾਤੇ ਸਾਥੀਆਂ ਨਾਲ ਉਨ੍ਹਾਂ ਪਰ ਹਮਲਾ ਕੀਤਾ ਸੀ, ਜਿਸ ਦੇ ਬਾਅਦ ਉਹ ਸਾਰੇ ਉਥੋਂ ਫਰਾਰ ਹੋ ਗਏ।
ਪਹਿਲਾਂ ਵੀ ਕਰ ਚੁੱਕੇ ਝਗੜਾ- ਜ਼ਖਮੀ ਹੋਏ ਕਬੱਡੀ ਖਿਡਾਰੀ ਲਲਿਤ ਕੁਮਾਰ ਨੇ ਦੱਸਿਆ ਕਿ ਉਕਤ ਹਮਲਾਵਰ ਨੌਜਵਾਨਾਂ ਦਾ ਕੁਝ ਸਮਾਂ ਪਹਿਲਾਂ ਵੀ ਕਬੱਡੀ ਖਿਡਾਰੀ ਸੋਨੂੰ ਨਾਲ ਝਗੜਾ ਹੋਇਆ ਸੀ, ਜਿਸ ਦਾ ਕਾਰਨ ਸੀ ਕਿ ਉਕਤ ਹਮਲਾਵਰ ਉਥੇ ਬੈਠ ਕੇ ਕਥਿਤ ਰੂਪ ਨਾਲ ਨਸ਼ਾ ਕਰਦੇ ਸੀ, ਜਦਕਿ ਉਹ ਉਥੇ ਰੋਜ਼ਾਨਾ ਕਬੱਡੀ ਖੇਡਣ ਲਈ ਜਾਂਦੇ ਸੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਸੋਨੂੰ ਨਾਲ ਝਗੜਾ ਕੀਤਾ ਸੀ, ਜਿਸ ਦਾ ਸਮਝੌਤਾ ਪਹਿਲਾਂ ਵੀ ਹੋ ਚੁੱਕਾ ਹੈ। ਇਸੇ ਰੰਜਿਸ਼ ਕਾਰਨ ਉਨ੍ਹਾਂ ਨੇ ਹੁਣ ਵੀ ਉਨ੍ਹਾਂ ਉੱਪਰ ਹਮਲਾ ਕੀਤਾ ਹੈ।
ਨਸ਼ਾ ਕਰਨ ਲਈ ਖਿਡਾਰੀਆਂ ਨੂੰ ਕਰਦੇ ਸੀ ਪ੍ਰੇਸ਼ਾਨ- ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਮਲਾਵਰ ਕਬੱਡੀ ਖੇਡਣ ਵਾਲੇ ਨੌਜਵਾਨਾਂ ਨੂੰ ਇਸ ਲਈ ਤੰਗ-ਪ੍ਰੇਸ਼ਾਨ ਕਰਦੇ ਸਨ ਕਿ ਉਨ੍ਹਾਂ ਨੇ ਉਥੇ ਬੈਠ ਕੇ ਨਸ਼ਾ ਕਰਨਾ ਹੁੰਦਾ ਸੀ। ਇਸੇ ਕਾਰਨ ਉਹ ਖੇਡਣ ਵਾਲੇ ਨੌਜਵਾਨਾਂ ਨੂੰ ਡਰਾ ਧਮਕਾ ਉਥੇ ਨਸ਼ਾ ਕਰਦੇ ਸਨ, ਜੋ ਕਿ ਹੁਣ ਫਰਾਰ ਹਨ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
