ਘਰ ''ਚ ਦਾਖਲ ਹੋ ਕੇ ਬਜ਼ੁਰਗ ਜੋੜੇ ''ਤੇ ਹਮਲਾ

06/28/2018 6:10:51 AM

ਭੁਲੱਥ, (ਰਜਿੰਦਰ)- ਨੇੜਲੇ ਪਿੰਡ ਬਜਾਜ ਦੇ ਇਕ ਡੇਰੇ 'ਤੇ ਬੀਤੀ ਰਾਤ ਕਰੀਬ ਚਾਰ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਜਿਸ ਦੌਰਾਨ ਘਰ ਵਿਚ ਰਹਿੰਦੇ ਬਜ਼ੁਰਗ ਪਤੀ-ਪਤਨੀ ਜ਼ਖਮੀ ਹੋ ਗਏ। ਇਸ ਮਾਮਲੇ ਵਿਚ ਬਜ਼ੁਰਗ ਦੇ ਬਿਆਨਾਂ 'ਤੇ ਭੁਲੱਥ ਪੁਲਸ ਨੇ ਪਿੰਡ ਦੇ ਸਰਪੰਚ ਖਿਲਾਫ ਕੇਸ ਦਰਜ ਕੀਤਾ ਹੈ।  ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਭੁਲੱਥ ਵਿਖੇ ਇਲਾਜ ਅਧੀਨ 70 ਸਾਲਾ ਬਜ਼ੁਰਗ ਸੁਲੱਖਣ ਸਿੰਘ ਪੁੱਤਰ ਗੰਡਾ ਸਿੰਘ ਵਾਸੀ ਪਿੰਡ ਬਜਾਜ ਨੇ ਦੱਸਿਆ ਕਿ ਮੇਰਾ ਘਰ ਪਿੰਡ ਤੋਂ ਬਾਹਰ ਖੇਤਾਂ ਵਿਚ ਹੈ। ਬੀਤੀ ਰਾਤ ਪਹਿਲਾਂ ਮੈਂ ਹਵੇਲੀ ਵਿਚ ਸੁੱਤਾ ਸੀ, ਰਾਤ ਕਰੀਬ 1 ਵਜੇ ਬਾਰਿਸ਼ ਆਉਣ ਕਾਰਨ ਮੈਂ ਅੰਦਰ ਬੈੱਡ 'ਤੇ ਜਾ ਕੇ ਸੌ ਗਿਆ ਤੇ ਕਮਰੇ ਦੀ ਕੁੰਡੀ ਨਹੀਂ ਲਾਈ। ਮੇਰੀ ਪਤਨੀ ਭਜਨ ਕੌਰ (68 ਸਾਲ) ਵੀ ਮੇਰੇ ਨਾਲ ਕਮਰੇ ਵਿਚ ਸੁੱਤੀ ਪਈ ਸੀ। ਇਸ ਤੋਂ ਬਾਅਦ ਕਰੀਬ ਡੇਢ ਵਜੇ ਤਿੰਨ ਨੌਜਵਾਨ ਮੇਰੇ ਕਮਰੇ ਵਿਚ ਕਿਰਪਾਨਾਂ ਤੇ ਡਾਂਗਾਂ ਲੈ ਕੇ ਆ ਗਏ। ਜਿਨ੍ਹਾਂ ਨੇ ਮੇਰੇ ਤੇ ਮੇਰੀ ਪਤਨੀ ਦੀ ਕੁੱਟਮਾਰ ਕੀਤੀ ਤੇ ਸਾਨੂੰ ਕਿਹਾ ਕਿ ਘਰ ਵਿਚ ਜਿੰਨੇ ਪੈਸੇ ਤੇ ਸੋਨਾ ਹੈ, ਸਾਨੂੰ ਦੇ ਦਿਓ। ਜਿਸ ਦੌਰਾਨ ਮੇਰੀ ਪਤਨੀ ਨੇ ਡਰਦੀ ਨੇ ਅਲਮਾਰੀ ਦੀ ਚਾਬੀ ਕੱਢ ਕੇ ਦੇ ਦਿੱਤੀ। ਜਿਸ ਤੋਂ ਬਾਅਦ ਉਕਤ ਨੌਜਵਾਨ ਸਾਡੇ ਘਰ ਪਈ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਖੇਤਾਂ ਵੱਲ ਦੌੜ ਗਏ ਪਰ ਕੁੱਟਮਾਰ ਦੌਰਾਨ ਮੈਂ ਮਕਾਨ ਦੇ ਅੰਦਰੋਂ ਜਾਲੀ ਵਾਲੇ ਦਰਵਾਜ਼ੇ ਵਿਚੋਂ ਬਾਹਰ ਖੜ੍ਹੇ ਪਿੰਡ ਦੇ ਸਰਪੰਚ ਬਲਵਿੰਦਰ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਪਿੰਡ ਬਜਾਜ ਨੂੰ ਬਲੱਬ ਦੀ ਰੌਸ਼ਨੀ ਹੋਣ ਕਾਰਨ ਪਛਾਣ ਲਿਆ। ਸੁਲੱਖਣ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਤੇ ਮੇਰੀ ਪਤਨੀ ਜ਼ਖਮੀ ਹਾਲਤ 'ਚ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਭਰਾ ਲੱਖਾ ਸਿੰਘ ਕੋਲ ਪਿੰਡ ਬਜਾਜ ਵਿਖੇ ਪੁੱਜਾ, ਜਿਸ ਨੇ ਪ੍ਰਬੰਧ ਕਰ ਕੇ ਸਾਨੂੰ ਦੋਵਾਂ ਨੂੰ ਭੁਲੱਥ ਹਸਪਤਾਲ ਵਿਖੇ ਦਾਖਲ ਕਰਵਾਇਆ। 
ਕੀ ਕਹਿਣੈ ਐੱਸ. ਐੱਚ. ਓ. ਦਾ?
ਇਸ ਸਬੰਧੀ ਸੰਪਰਕ ਕਰਨ 'ਤੇ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰ ਨਾਥ ਨੇ ਦੱਸਿਆ ਕਿ ਸੁਲੱਖਣ ਸਿੰਘ ਦੇ ਬਿਆਨਾਂ 'ਤੇ ਬਲਵਿੰਦਰ ਕੁਮਾਰ ਤੇ ਤਿੰਨ ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। 
ਮੈਨੂੰ ਰੰਜਿਸ਼ ਤਹਿਤ ਫਸਾਇਆ ਜਾ ਰਿਹੈ : ਸਰਪੰਚ
ਦੂਸਰੇ ਪਾਸੇ ਇਸ ਸਬੰਧ ਵਿਚ ਪਿੰਡ ਬਜਾਜ ਦੇ ਸਰਪੰਚ ਬਲਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਮੈਨੂੰ ਰੰਜਿਸ਼ ਤਹਿਤ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ, ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਮੇਰੇ 'ਤੇ ਲਾਏ ਜਾ ਰਹੇ ਦੋਸ਼ ਝੂਠੇ ਹਨ। 


Related News