ਕਪੂਰਥਲਾ ਵਿਖੇ ਹਮਲਾਵਰਾਂ ਨੇ ਅਕਾਲੀ ਦਲ ਦੇ ਕੌਮੀ ਸਲਾਹਕਾਰ ਜੁਗਨੂੰ ਨੂੰ ਘੇਰਿਆ, ਦਿੱਤੀਆਂ ਧਮਕੀਆਂ

Monday, Oct 10, 2022 - 06:29 PM (IST)

ਕਪੂਰਥਲਾ ਵਿਖੇ ਹਮਲਾਵਰਾਂ ਨੇ ਅਕਾਲੀ ਦਲ ਦੇ ਕੌਮੀ ਸਲਾਹਕਾਰ ਜੁਗਨੂੰ ਨੂੰ ਘੇਰਿਆ, ਦਿੱਤੀਆਂ ਧਮਕੀਆਂ

ਕਪੂਰਥਲਾ (ਭੂਸ਼ਣ, ਮਹਾਜਨ)- ਅਕਾਲੀ ਦਲ ਬਾਦਲ ਦੇ ਕੌਮੀ ਸਿਆਸੀ ਸਲਾਹਕਾਰ ਅਤੇ ਪੀ. ਏ. ਸੀ. ਜਥੇ. ਇੰਦਰਜੀਤ ਸਿੰਘ ਜੁਗਨੂੰ ’ਤੇ ਹਮਲਾ ਕਰਨ ਆਏ ਅਣਪਛਾਤੇ ਮੁਲਜ਼ਮਾਂ ਨੇ ਉਨ੍ਹਾਂ ਦੇ 2 ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 6 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਕ੍ਰਿਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਕਸਾਬਾਂ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 6 ਅਕਤੂਬਰ 2022 ਦੀ ਰਾਤ ਕਰੀਬ 8.30 ਵਜੇ ਆਪਣੇ ਘਰ ਦੀ ਨਜ਼ਦੀਕੀ ਗਲੀ ’ਚ ਸੀ ਅਤੇ ਆਪਣੇ ਭਰਾ ਤਲਵਿੰਦਰ ਸਿੰਘ ਦੀ ਉਡੀਕ ਕਰ ਰਿਹਾ ਸੀ, ਜੋਕਿ ਇਕ ਚਿਕਨ ਹਾਊਸ ’ਚ ਕੁਝ ਖਾਣ ਲਈ ਸਾਮਾਨ ਲੈਣ ਗਿਆ ਸੀ। ਇਸ ਦਾ ਭਰਾ ਤਲਵਿੰਦਰ ਸਿੰਘ ਜੋ ਉਸ ਦੇ ਕੋਲ ਪਹੁੰਚਿਆ ਤਾਂ ਉਸ ਦੇ ਪਿੱਛੇ 6 ਅਣਪਛਾਤੇ ਮੁਲਜ਼ਮ ਦੋ ਮੋਟਰਸਾਇਕਲਾਂ ’ਤੇ ਆਏ, ਜਿਨ੍ਹਾਂ ਦੇ ਹੱਥਾਂ ’ਚ ਲੋਹੇ ਦੀ ਰਾਡ, ਬੇਸਬਾਲ, ਦਾਤਰ ਅਤੇ ਕ੍ਰਿਪਾਨਾਂ ਸਨ। ਉਕਤ ਮੁਲਜ਼ਮਾਂ ਨੇ ਉਨ੍ਹਾਂ ਦੋਵਾਂ ਨੂੰ ਘੇਰ ਲਿਆ, ਜਿਨ੍ਹਾਂ ’ਚੋਂ ਇਕ ਵਿਅਕਤੀ ਨੇ ਕਿਹਾ ਕਿ ਜੁਗਨੂੰ ਕਿੱਥੇ ਹੈ, ਜੋ ਵੱਡਾ ਪ੍ਰਧਾਨ ਬਣਿਆ ਫਿਰਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਕਾਰੋਬਾਰੀ ਟਿੰਕੂ ਕਤਲ ਕੇਸ 'ਚ ਬੰਬੀਹਾ ਗਰੁੱਪ ਦੇ ਸ਼ੂਟਰ ਹੈੱਪੀ ਭੁੱਲਰ ਨੇ ਖੋਲ੍ਹੀਆਂ ਹੈਰਾਨੀਜਨਕ ਪਰਤਾਂ

ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਇੰਨੇ ਨੂੰ ਇਕ ਵਿਅਕਤੀ ਨੇ ਆਪਣੇ ਹੱਥ ’ਚ ਫੜ੍ਹੇ ਦਾਤਰ ਦਾ ਵਾਰ ਉਸੇ ਸਿਰ ’ਤੇ ਕੀਤਾ, ਜੋ ਸਿਰ ਦੇ ਸੱਜੇ ਪਾਸੇ ਲੱਗਾ ਅਤੇ ਇਕ ਹੋਰ ਵਿਅਕਤੀ ਨੇ ਆਪਣੇ ਹੱਥ ’ਚ ਫੜ੍ਹੇ ਦਾਤਰ ਨਾਲ ਉਸ ’ਤੇ ਵਾਰ ਕੀਤਾ, ਜੋ ਸੱਜੀ ਅੱਖ ’ਤੇ ਲੱਗਾ। ਇਕ ਹੋਰ ਮੁਲਜ਼ਮ ਨੇ ਲੋਹੇ ਦੀ ਰਾਡ ਨਾਲ ਵਾਰ ਕੀਤਾ, ਜੋ ਖੱਬੀ ਬਾਂਹ ਅਤੇ ਗੁਟ ’ਤੇ ਲੱਗਾ। ਜਦੋਂ ਉਹ ਡਿੱਗ ਪਿਆ ਤਾਂ ਮੁਲਜ਼ਮ ਉਸ ਨੂੰ ਛੱਡ ਕੇ ਤਲਵਿੰਦਰ ਸਿੰਘ ਉੱਪਰ ਦਸਤੀ ਹਥਿਆਰਾਂ ਨਾਲ ਹਮਲਾ ਕਰਨ ਲੱਗ ਪਏ, ਜਿਸ ਦੀ ਆਵਾਜ਼ ਸੁਣ ਕੇ ਕਾਫ਼ੀ ਲੋਕ ਇਕੱਠੇ ਹੋ ਗਏ। ਕ੍ਰਿਪਾਲ ਸਿੰਘ ਨੇ ਕਿਹਾ ਕਿ ਜਾਂਦੇ ਹੋਏ ਮੁਲਜ਼ਮ ਉਸ ਦੇ ਪਰਸ ’ਚੋਂ 3500 ਰੁਪਏ ਤੇ ਤਲਵਿੰਦਰ ਸਿੰਘ ਦੇ ਗਲੇ ’ਚੋਂ ਸੋਨੇ ਦੀ ਚੇਨ ਲਾਹ ਕੇ ਲੈ ਗਏ। ਇਸ ਤੋਂ ਬਾਅਦ ਉਸ ਦਾ ਭਰਾ ਇੰਦਰਜੀਤ ਸਿੰਘ ਜੁਗਨੂੰ ਮੌਕੇ ’ਤੇ ਆਇਆ, ਜਿਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਕ੍ਰਿਪਾਲ ਸਿੰਘ ਨੇ ਕਿਹਾ ਕਿ ਸਾਡੇ ਉੱਪਰ ਹੋਏ ਹਮਲੇ ਦੀ ਵਜ੍ਹਾ ਇਹ ਹੈ ਕਿ ਇਹ ਅਣਪਛਾਤੇ ਮੁਲਜ਼ਮ ਇੰਦਰਜੀਤ ਸਿੰਘ ਜੁਗਨੂੰ ਨੂੰ ਸੱਟਾਂ ਮਾਰਨਾ ਚਾਹੁੰਦੇ ਸਨ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 6 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ

ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਐੱਸ. ਪੀ. (ਡੀ.)

ਇਸ ਸਬੰਧ ’ਚ ਜਦੋਂ ਐੱਸ. ਪੀ. (ਡੀ.) ਹਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪੂਰਾ ਮਾਮਲਾ ਬੇਹੱਦ ਗੰਭੀਰ ਹੈ। ਮਾਮਲੇ ’ਚ ਜਿਹੜਾ ਵਿਅਕਤੀ ਵੀ ਸ਼ਾਮਲ ਹੋਇਆ, ਉਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਇਸ ਮਾਮਲੇ ’ਚ ਸਖ਼ਤ ਐਕਸ਼ਨ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਜਥੇ. ਇੰਦਰਜੀਤ ਸਿੰਘ ਜੁਗਨੂੰ ਨੂੰ ਸਮਾਜ ਵਿਰੋਧੀ ਅਤੇ ਖ਼ਾਲਿਸਤਾਨੀ ਅਨਸਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਸਨ, ਜਿਸ ’ਤੇ ਉਨ੍ਹਾਂ ਨੇ ਪਹਿਲਾਂ ਹੀ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News