ਘਰੇਲੂ ਕਲੇਸ਼ ਕਾਰਨ ਪਤਨੀ ''ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ

Saturday, Jun 27, 2020 - 04:00 PM (IST)

ਘਰੇਲੂ ਕਲੇਸ਼ ਕਾਰਨ ਪਤਨੀ ''ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ

ਲੁਧਿਆਣਾ (ਮੋਹਿਨੀ) : ਘਰੇਲੂ ਕਲੇਸ਼ ਕਾਰਨ ਆਪਣੇ ਪਤੀ ਤੋਂ ਦੂਰ ਪੇਕੇ ਘਰ ਰਹਿ ਰਹੀ ਮਨਵੀਰ ਕੌਰ ਆਪਣੀ ਭਾਬੀ ਨਾਲ ਲੋਹਾਰਾ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲਈ ਨਿਕਲੀ ਸੀ। ਰਸਤੇ 'ਚ ਉਸ ਦੇ ਪਤੀ ਅਮਨਪ੍ਰੀਤ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਲੋਹੇ ਦੇ ਦਾਤ ਨਾਲ ਪਿੱਛੋਂ ਪਿੱਠ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਸੜਕ 'ਤੇ ਡਿੱਗ ਪਈ। ਮਨਵੀਰ ਕੌਰ ਲਹੂ-ਲੁਹਾਨ ਹੋ ਕੇ ਬੇਸੁਧ ਹੋ ਗਈ। ਇੰਨੇ 'ਚ ਮਨਵੀਰ ਦਾ ਭਰਾ ਸੈਰ ਕਰਦਾ ਹੋਇਆ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ ਤਾਂ ਉਸ ਨੇ ਉਕਤ ਮੁਜ਼ਰਮ ਨੂੰ ਫੜਨ ਦਾ ਯਤਨ ਕੀਤਾ ਤਾਂ ਉਸ ਨੇ ਦਾਤ ਦਿਖਾ ਕੇ ਡਰਾਇਆ। ਮੌਕੇ 'ਤੇ ਉਸ ਦਾ ਦੂਜਾ ਭਰਾ ਵੀ ਪੁੱਜ ਗਿਆ, ਜਿਨ੍ਹਾਂ ਨੇ ਅਮਨਪ੍ਰੀਤ ਨੂੰ ਫੜਨਾ ਚਾਹਿਆ ਤਾਂ ਉਸ ਦੀ ਉਂਗਲੀ ਅਤੇ ਬਾਂਹ 'ਤੇ ਦਾਤ ਨਾਲ ਸੱਟਾਂ ਲੱਗੀਆਂ। ਪੀੜਤਾ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਥਾਣਾ ਸ਼ਿਮਲਾਪੁਰੀ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੀੜਤ ਔਰਤ ਦੇ ਭਰਾ ਅਨਿਲ ਕੁਮਾਰ ਪੁੱਤਰ ਊਮਾ ਸ਼ੰਕਰ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭੈਣ ਮਨਵੀਰ ਕੌਰ ਦਾ ਵਿਆਹ 2014 ਵਿਚ ਅਮਨਪ੍ਰੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਲੋਹਾਰਾ ਨਾਲ ਹੋਇਆ ਜੋ ਵਿਆਹ ਤੋਂ ਬਾਅਦ ਉਸ ਦੀ ਭੈਣ ਨਾਲ ਕੁੱਟ-ਮਾਰ ਅਤੇ ਲੜਾਈ-ਝਗੜਾ ਕਰਦਾ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੀ ਭੈਣ ਅਤੇ ਭਾਣਜੇ ਨੂੰ ਕਰੀਬ 1 ਸਾਲ ਪਹਿਲਾਂ ਹੀ ਆਪਣੇ ਘਰ ਸੁਖਦੇਵ ਨਗਰ ਵਿਚ ਰੱਖਿਆ ਹੋਇਆ ਸੀ, ਜਿਸ ਦੀ ਰੰਜਿਸ਼ ਅਧੀਨ ਉਸ ਨੇ ਹਮਲਾ ਕੀਤਾ। ਪੁਲਸ ਨੇ ਪੀੜਤ ਔਰਤ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਅਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਅਧੀਨ ਪਰਚਾ ਦਰਜ ਕਰ ਲਿਆ। ਚੌਕੀ ਇੰਚਾਰਜ ਜਗਤਾਰ ਸਿੰਘ ਨੇ ਕਾਰਵਾਈ ਅਮਲ ਵਿਚ ਲਿਆਉਂਦੇ ਹੋਏ ਕਥਿਤ ਮੁਜ਼ਰਮ ਨੂੰ ਬਰੋਟਾ ਰੋਡ ਤੋਂ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਇਕ ਲੋਹੇ ਦਾ ਦਾਤ ਵੀ ਬਰਾਮਦ ਕਰ ਲਿਆ।


author

Anuradha

Content Editor

Related News