ਪੰਜਾਬੀਆਂ ’ਤੇ ਹਮਲੇ ਦੀ ਖ਼ਬਰ ਛਪਣ ਤੋਂ ਬਾਅਦ ਹਰਕਤ ’ਚ ਆਇਆ ਹਿਮਾਚਲ ਦਾ ਪੁਲਸ ਪ੍ਰਸ਼ਾਸ਼ਨ
Monday, Jun 24, 2024 - 09:06 AM (IST)
ਫਿਲੌਰ (ਭਾਖੜੀ)- ‘ਜਗ ਬਾਣੀ’ ’ਚ ਖ਼ਬਰ ਛਪਣ ਤੋਂ ਬਾਅਦ ਹਿਮਾਚਲ ਦਾ ਪੁਲਸ ਹਰਕਤ ’ਚ ਆ ਗਿਆ ਹੈ। ਸਵੇਰੇ 9 ਵਜੇ ਹੀ ਕੁੱਲੂ ਦੇ ਥਾਣਾ ਇੰਚਾਰਜ ਨਿਰਮਲ ਠਾਕੁਰ ਨੇ ਵਿਸ਼ਵਾਸ ਦਿਵਾਇਆ ਕਿ ਹਿਮਾਚਲ ਘੁੰਮਣ ਆਉਣ ਵਾਲੇ ਪੰਜਾਬੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਦੀ ਪੂਰੀ ਸੁਰੱਖਿਆ ਦੀ ਜ਼ਿੰਮੇਵਾਰੀ ਹਿਮਾਚਲ ਪੁਲਸ ਦੀ ਹੈ। ਉਨ੍ਹਾਂ ਨਾਲ ਹਿਮਾਚਲ ’ਚ ਵਿਸ਼ੇਸ਼ ਕਰ ਕੇ ਕੁੱਲੂ ’ਚ ਕੋਈ ਵਧੀਕੀ ਹੁੰਦੀ ਹੈ ਤਾਂ ਉਸ ਦਾ ਸਖ਼ਤ ਨੋਟਿਸ ਲੈਣਗੇ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ‘ਜਗ ਬਾਣੀ’ ’ਚ ਖਬਰ ਛਪੀ ਸੀ ਕਿ ਫਿਲੌਰ ਤੋਂ ਹਿਮਾਚਲ ਘੁੰਮਣ ਗਏ ਮਹਿਲਾ ਕੌਂਸਲਰ ਦੇ ਪਤੀ ਲਖਵਿੰਦਰ ਸਿੰਘ ਅਤੇ ਉਸ ਦੇ 4 ਸਾਥੀਆਂ ਨੂੰ ਅੱਧੀ ਰਾਤ ਨੂੰ 20 ਦੇ ਲਗਭਗ ਹਮਲਾਵਰਾਂ, ਜਿਨ੍ਹਾਂ ’ਚ 3 ਔਰਤਾਂ ਵੀ ਸਨ, ਨੇ ਡਾਂਗਾ, ਤਲਵਾਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਨ੍ਹਾਂ ਦੀ ਕਾਰ ਦੀ ਵੀ ਤੋੜ-ਭੰਨ ਕੀਤੀ।
ਥਾਣਾ ਇੰਚਾਰਜ ਕੁੱਲੂ ਨਿਰਮਲ ਠਾਕੁਰ ਨੇ ਪੀੜਤ ਲਖਵਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦਾ ਫੋਨ ਨੰਬਰ ਲੈ ਕੇ ਉਨ੍ਹਾਂ ਨਾਲ ਗੱਲ ਕੀਤੀ। ਥਾਣਾ ਇੰਚਾਰਜ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰਨ ਲਈ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਪੁਲਸ ਟੀਮਾਂ ਗਠਿਤ ਕਰ ਦਿੱਤੀਆਂ, ਜੋ ਕਸੌਲ ਦੇ ਰਸਤੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀਅਾਂ ਹਨ।
ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜਦ ਪੰਜੇ ਪੀੜਤ ਪੁਲਸ ਚੌਕੀ ਕਸੌਲ ਇਨਸਾਫ ਲੈਣ ਲਈ ਗਏ ਤਾਂ ਉਥੇ ਕਿਹੜੇ ਪੁਲਸ ਮੁਲਾਜ਼ਮ ਉਸ ਵਕਤ ਡਿਊਟੀ ’ਤੇ ਮੌਜੂਦ ਸਨ, ਜਿਨ੍ਹਾਂ ਨੇ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ, ਉਨ੍ਹਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਪੰਜਾਬੀ ਸਾਡੇ ਭੈਣ-ਭਰਾ ਹਨ, ਬੇਖੌਫ ਹੋ ਕੇ ਘੁੰਮਣ ਆਉਣ, ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਿਮਾਚਲ ਪੁਲਸ ਦੀ ਹੈ : ਨਿਰਮਲ ਠਾਕੁਰ
ਥਾਣਾ ਇੰਚਾਰਜ ਨੇ ਕਿਹਾ ਕਿ ਹਿਮਾਚਲ ਨਿਵਾਸੀ ਪਿਆਰ ਕਰਨ ਵਾਲੇ ਮਿਲਣਸਾਰ ਹੁੰਦੇ ਹਨ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਨਿਵਾਸੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਪੰਜਾਬੀ ਉਨ੍ਹਾਂ ਦੇ ਭੈਣ-ਭਰਾ ਹਨ, ਉਹ ਬਿਨਾਂ ਕਿਸੇ ਖੌਫ ਦੇ ਹਿਮਾਚਲ ਘੁੰਮਣ ਆਉਣ, ਉਨ੍ਹਾਂ ਦੀ ਪੂਰੀ ਸੁਰੱਖਿਆ ਦੀ ਜ਼ਿੰਮੇਦਾਰੀ ਹਿਮਾਚਲ ਪੁਲਸ ਦੀ ਹੈ।
ਇਹ ਵੀ ਪਤਾ ਲੱਗਾ ਹੈ ਕਿ ‘ਜਗ ਬਾਣੀ’ ’ਚ ਖਬਰ ਛਪਣ ਤੋਂ ਬਾਅਦ ਏ. ਡੀ. ਸੀ. ਪੀ. ਲਾਅ ਐਂਡ ਆਰਡਰ ਨੇ ਸਖ਼ਤ ਨੋਟਿਸ ਲੈਂਦੇ ਹੋਏ ਹਿਮਾਚਲ ਦੇ ਸਾਰੇ ਜ਼ਿਲਾ ਪੁਲਸ ਮੁੱਖ ਦਫਤਰਾਂ ਨੂੰ ਪੰਜਾਬੀਆਂ ’ਤੇ ਹਮਲੇ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ, ਜਿਸ ਨਾਲ ਭਵਿੱਖ ’ਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਸਕੇ।