ਸਕੂਲ ਦੇ ਬਾਹਰ 10ਵੀਂ ਜਮਾਤ ਦੇ ਵਿਦਿਆਰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Saturday, Feb 04, 2023 - 01:00 PM (IST)

ਸਕੂਲ ਦੇ ਬਾਹਰ 10ਵੀਂ ਜਮਾਤ ਦੇ ਵਿਦਿਆਰਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਚੰਡੀਗੜ੍ਹ (ਸੰਦੀਪ) : ਇੱਥੇ ਸੈਕਟਰ-33 ਸਥਿਤ ਸੀਨੀਅਰ ਸੈਕੰਡਰੀ ਮਾਡਲ ਸਕੂਲ 'ਚ 10ਵੀਂ ਜਮਾਤ 'ਚ ਪੜ੍ਹਦੇ ਮੁਹੰਮਦ ਫਰੀਦ (16) ’ਤੇ ਸਕੂਲ ਦੇ ਬਾਹਰ ਕੁੱਝ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਉਸ ਨੂੰ ਡੰਡੇ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ ਪਰ ਬਾਅਦ 'ਚ ਤੇਜ਼ਧਾਰ ਹਥਿਆਰ ਨਾਲ ਉਸ ਦੀ ਪਿੱਠ ’ਤੇ ਵਾਰ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਜ਼ਖ਼ਮੀ ਹਾਲਤ 'ਚ ਵਿਦਿਆਰਥੀ ਨੂੰ ਸੈਕਟਰ-32 ਜੀ. ਐੱਮ. ਸੀ. ਐੱਚ. 'ਚ ਦਾਖ਼ਲ ਕਰਵਾਇਆ ਗਿਆ। ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਕਾਰਨ ਉਸ ਦੀ ਪਿੱਠ ’ਤੇ ਕਾਫੀ ਡੂੰਘਾ ਜ਼ਖ਼ਮ ਹੋ ਗਿਆ, ਜਦੋਂਕਿ ਡੰਡੇ ਨਾਲ ਵਾਰ ਕੀਤੇ ਜਾਣ ਕਾਰਨ ਉਸ ਦੇ ਸਰੀਰ ’ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਪੁੱਛਗਿੱਛ ਦੌਰਾਨ ਫ਼ਰੀਦ ਨੇ ਦੱਸਿਆ ਕਿ ਸਕੂਲ ’ਚ ਹੀ 11ਵੀਂ ਜਮਾਤ ’ਚ ਪੜ੍ਹਦੇ ਵਿਦਿਆਰਥੀ ਨੇ ਬੀਤੇ ਦਿਨੀਂ ਉਸ ਨਾਲ ਹੋਈ ਲੜਾਈ ਦਾ ਬਦਲਾ ਲੈਣ ਲਈ ਸਕੂਲ ਦੇ ਬਾਹਰੋਂ ਕੁੱਝ ਨੌਜਵਾਨਾਂ ਨੂੰ ਬੁਲਾਇਆ ਸੀ, ਜਿਨ੍ਹਾਂ ਨੇ ਸਕੂਲ ਦੇ ਬਾਹਰ ਕਈ ਵਿਦਿਆਰਥੀਆਂ ਨਾਲ ਲੜਾਈ ਦੌਰਾਨ ਫ਼ਰੀਦ ਨੂੰ ਆਪਣਾ ਨਿਸ਼ਾਨਾ ਬਣਾਇਆ।
ਨਮਾਜ਼ ਤੋਂ ਬਾਅਦ ਪ੍ਰਾਜੈਕਟ ਸਬੰਧੀ ਗਿਆ ਸੀ ਸਕੂਲ
ਪੁਲਸ ਜਾਂਚ ਦੌਰਾਨ ਮੁਹੰਮਦ ਫਰੀਦ ਨੇ ਦੱਸਿਆ ਕਿ ਉਹ ਆਪਣੀ 10ਵੀਂ ਜਮਾਤ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਦੁਪਹਿਰ ਸਮੇਂ ਨਮਾਜ਼ ਅਦਾ ਕਰਨ ਤੋਂ ਬਾਅਦ ਉਹ ਪ੍ਰਾਜੈਕਟ ਦੇ ਸਿਲਸਿਲੇ ’ਚ ਆਪਣੇ ਸਕੂਲ ਗਿਆ ਸੀ। ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਜਿਵੇਂ ਹੀ ਉਹ ਸਕੂਲ ਤੋਂ ਬਾਹਰ ਆਇਆ ਤਾਂ ਕੁੱਝ ਨੌਜਵਾਨਾਂ ਨੇ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ।
ਵੀਰਵਾਰ ਦੋ ਵਿਦਿਆਰਥੀਆਂ ’ਚ ਹੋਈ ਸੀ ਲੜਾਈ
ਪੁਲਸ ਜਾਂਚ ਦੌਰਾਨ ਮੁਹੰਮਦ ਫਰੀਦ ਨੇ ਦੱਸਿਆ ਕਿ ਵੀਰਵਾਰ ਸਕੂਲ ’ਚ 9ਵੀਂ ਜਮਾਤ ਦੇ ਵਿਦਿਆਰਥੀ ਦੀ 11ਵੀਂ ਜਮਾਤ ਦੇ ਵਿਦਿਆਰਥੀ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ 9ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਬਾਹਰ ਕੁੱਝ ਦੋਸਤਾਂ ਨੂੰ ਬਾਹਰੋਂ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਦਾ ਬਦਲਾ ਲੈਣ ਲਈ ਸ਼ੁੱਕਰਵਾਰ 11ਵੀਂ ਜਮਾਤ ਦੇ ਵਿਦਿਆਰਥੀ ਨੇ ਬਾਹਰੋਂ ਆਪਣੇ ਦੋਸਤਾਂ ਨੂੰ ਬੁਲਾ ਕੇ ਹੋਰ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ। ਜਿਵੇਂ ਹੀ ਇਕ ਹਮਲਾਵਰ ਨੇ ਫਰੀਦ ਦੀ ਪਿੱਠ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ ਤਾਂ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਫਰੀਦ ਨੂੰ ਲਹੂ-ਲੁਹਾਨ ਹਾਲਤ ’ਚ ਦੇਖ ਕੇ ਉਸ ਨੂੰ ਨਾਲ ਲੈ ਕੇ ਤੁਰੰਤ ਸੈਕਟਰ-33 ਪਹੁੰਚੇ, ਜਿੱਥੋਂ ਉਸ ਨੂੰ ਇਲਾਜ ਲਈ ਸੈਕਟਰ-32 ਜੀ. ਐੱਮ. ਸੀ. ਐੱਚ. ਰੈਫਰ ਕੀਤਾ ਗਿਆ ਹੈ।
2 ਦਿਨਾਂ ਤੋਂ ਸਕੂਲ ਦੇ ਬਾਹਰ ਨਹੀਂ ਸੀ ਪੀ. ਸੀ. ਆਰ.
ਮੁਹੰਮਦ ਫਰੀਦ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਦੁਪਹਿਰ ਸਮੇਂ ਬੱਚਿਆਂ ਨੂੰ ਸਕੂਲ ਤੋਂ ਲੈਣ ਜਾਂਦਾ ਸੀ ਤਾਂ ਇੱਥੇ ਪੀ. ਸੀ. ਆਰ. ਕਾਰ ਹੁੰਦੀ ਸੀ ਪਰ ਪਿਛਲੇ 2 ਦਿਨਾਂ ਤੋਂ ਉਹ ਨਜ਼ਰ ਨਹੀਂ ਆਈ, ਜਿਸ ਦਾ ਫ਼ਾਇਦਾ ਉਠਾਉਂਦੇ ਹੋਏ ਬਾਹਰੋਂ ਆਏ ਨੌਜਵਾਨਾਂ ਨੇ ਸਕੂਲ ਦੇ ਬਾਹਰ ਵਿਦਿਆਰਥੀ ’ਤੇ ਹਮਲਾ ਕਰ ਕੇ ਉਸਨੂੰ ਜ਼ਖਮੀ ਕਰ ਦਿੱਤਾ।
 


author

Babita

Content Editor

Related News