ਪੰਜਾਬੀ ਮਾਡਲ-ਐਕਟਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢ ਦਿੱਤਾ ਕੰਨ ਅਤੇ ਸਿਰ 'ਤੇ ਮਾਰੀਆਂ ਕਿਰਚਾਂ
Friday, Jul 19, 2024 - 01:26 PM (IST)
ਸੰਗਰੂਰ - ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਪੰਜਾਬੀ ਮਾਡਲ-ਐਕਟਰ ਅਦਨਾਨ ਅਲੀ ਖ਼ਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ 'ਚ ਅਦਨਾਨ ਅਲੀ ਖ਼ਾਨ ਦਾ ਕੰਨ ਵੱਡ ਦਿੱਤਾ ਗਿਆ।
ਇਸ ਦੌਰਾਨ ਉਨ੍ਹਾਂ ਦੇ ਸਿਰ 'ਤੇ ਕਿਰਚਾਂ ਵੀ ਮਾਰੀਆਂ ਗਈਆਂ। ਇਸ ਦਾ ਖ਼ੁਲਾਸਾ ਖ਼ੁਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਅਚਾਨਕ ਹਮਲਾ ਕੀਤਾ ਗਿਆ, ਜਿਸ 'ਚ ਮੇਰਾ ਇਕ ਕੰਨ ਵੱਡਿਆ ਗਿਆ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ।
ਦੱਸ ਦਈਏ ਕਿ ਐਕਟਰ-ਮਾਡਲ ਅਦਨਾਨ ਅਲੀ ਖ਼ਾਨ ਨੇ ਵੀਡੀਓ 'ਚ ਆਪਣੇ 'ਤੇ ਹੋਏ ਹਮਲਾਵਾਰਾਂ ਦੇ ਨਾਂ ਵੀ ਦੱਸੇ। ਉਨ੍ਹਾਂ ਨੇ ਪੁਲਸ ਕਰਮਚਾਰੀਆਂ ਨੂੰ ਕਿਹਾ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ। ਇਸ ਵਾਰ ਤਾਂ ਮੈਂ ਬੱਚ ਗਿਆ ਪਰ ਜੇਕਰ ਦੁਬਾਰਾ ਫਿਰ ਹਮਲਾ ਹੋਇਆ ਤਾਂ ਮੈਂ ਜਿੰਦਾ ਨਹੀਂ ਬਚਾਂਗਾ। ਲੋਕਾਂ ਦੀ ਭੀੜ ਨੇ ਇਕ ਵਾਰ ਮੈਨੂੰ ਬਚਾ ਲਿਆ। ਇਸ ਦੇ ਹੀ ਅਦਨਾਨ ਅਲੀ ਖ਼ਾਨ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਉਥੇ ਇਸ ਮਾਮਲੇ ਸਬੰਧੀ ਸਬ ਡਵੀਜ਼ਨ ਮਾਲੇਰਕੋਟਲਾ ਦੇ ਡੀ. ਐੱਸ. ਪੀ. ਗੁਰਦੇਵ ਸਿੰਘ ਨੇ ਆਪਣੇ ਦਫ਼ਤਰ ’ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਥਾਣਾ ਸਿਟੀ-1 ਦੀ ਪੁਲਸ ਨੇ ਨਵੇਂ ਲਾਗੂ ਹੋਏ ਕਾਨੂੰਨ ਦੀਆਂ ਧਾਰਾਵਾਂ 115 (2), 126 (2), 351(1), (3), 191 (3), 190 ਬੀ. ਐੱਨ. ਐੱਸ. ਤਹਿਤ ਉਕਤ ਲੜਾਈ ਦੇ ਇਕ ਮੁੱਦਈ ਅਦਨਾਨ ਅਲੀ ਪੁੱਤਰ ਸਰਸਾਦ ਅਲੀ ਵਾਸੀ ਬੈਂਕ ਕਾਲੋਨੀ ਪਟਿਆਲਾ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਪੰਜ ਨਾਮਜ਼ਦ ਵਿਅਕਤੀਆਂ ਨਇਮ ਰਾਣਾ, ਸਾਰਿਕ ਰਾਣਾ, ਮੁਹੰਮਦ ਅਦਰੀਸ ਉਰਫ ਡੀਸੀ, ਸ਼ਮਸਾਦ ਰਾਣਾ ਵਾਸੀਆਨ ਮਾਲੇਰਕੋਟਲਾ ਅਤੇ ਸਾਰਬ ਰਾਣਾ ਵਾਸੀ ਪਟਿਆਲਾ ਸਮੇਤ ਕਈ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਡੀ. ਐੱਸ. ਪੀ. ਗੁਰਦੇਵ ਸਿੰਘ ਅਤੇ ਥਾਣਾ ਸਿਟੀ-1 ਦੇ ਮੁਖੀ ਸੁਰਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਦੂਜੀ ਧਿਰ ਦੇ ਜ਼ਖਮੀ ਹੋਏ ਵਿਅਕਤੀ ਮੁਹੰਮਦ ਉਮਾਨ ਉਰਫ ਲੱਲਾ ਦੇ ਵੀ ਬਿਆਨ ਲਏ ਗਏ ਹਨ, ਜਿਸ ਸਬੰਧੀ ਕਾਰਵਾਈ ਚੱਲ ਰਹੀ ਹੈ। ਮੁਕੱਦਮੇ ’ਚ ਨਾਮਜ਼ਦ ਪੰਜ ਵਿਅਕਤੀਆਂ ’ਚੋਂ ਤਿੰਨ ਵਿਅਕਤੀਆਂ ਨਇਮ ਰਾਣਾ, ਸਾਰਿਕ ਰਾਣਾ ਅਤੇ ਮੁਹੰਮਦ ਅਦਰੀਸ ਉਰਫ ਡੀਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁਕੱਦਮੇ ਦੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਡਾਕਟਰ ਵੱਲੋਂ ਜ਼ਖਮੀਆਂ ਦੀ ਕੱਟੀ ਗਈ ਐੱਮ. ਐੱਲ. ਆਰ. ਦੇ ਐਕਸਰਿਆਂ ਅਤੇ ਹੋਰ ਟੈਸਟਾਂ ਦੀ ਮੈਡੀਕਲ ਰਿਪੋਰਟ ਸਾਹਮਣੇ ਆਉਣ ’ਤੇ ਮੁਕੱਦਮੇ ਦੀਆਂ ਧਾਰਾਵਾਂ ’ਚ ਵਾਧਾ ਵੀ ਕੀਤਾ ਜਾ ਸਕਦਾ ਹੈ, ਜਿਸ ਸਬੰਧੀ ਜਾਂਚ ਜਾਰੀ ਹੈ। ਇਸ ਲੜਾਈ ਦੇ ਕਾਰਨਾਂ ਸਬੰਧੀ ਪੁੱਛਣ ’ਤੇ ਡੀ. ਐੱਸ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਭਾਵੇਂ ਦੋਵੇਂ ਧਿਰਾਂ ਦੀ ਕੋਈ ਪੁਰਾਣੀ ਰੰਜ਼ਿਸ ਚੱਲੀ ਆਉਂਦੀ ਦੱਸੀ ਗਈ ਹੈ ਪਰ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।