ਸਫਾਈ ਸੇਵਕ ਯੂਨੀਅਨ ਪ੍ਰਧਾਨ ਦੇ ਪਰਿਵਾਰ ’ਤੇ ਹਮਲਾ

Sunday, Jun 17, 2018 - 08:42 AM (IST)

ਸਫਾਈ ਸੇਵਕ ਯੂਨੀਅਨ  ਪ੍ਰਧਾਨ  ਦੇ  ਪਰਿਵਾਰ ’ਤੇ ਹਮਲਾ

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ’ਤੇ 10-12 ਨੌਜਵਾਨਾਂ ਨੇ ਉਨ੍ਹਾਂ ਦੇ ਘਰ  ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਪ੍ਰਧਾਨ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜੈ ਰਾਮ ਰਾਖੀ ਨੇ ਪੁਲਸ ’ਤੇ  ਦੋਸ਼ ਲਾਇਆ ਕਿ ਪੁਲਸ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਘਟਨਾ ਸਬੰਧੀ ਸਿਵਲ ਹਸਪਤਾਲ ਵਿਚ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜੈ ਰਾਮ ਰਾਖੀ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਮਾਤਾ ਦੇ ਧਾਮ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ। ਪਿਛਲੀ ਰਾਤ ਅਸੀਂ ਵਾਪਸ ਆਏ  ਤਾਂ ਰਸਤੇ ਵਿਚ ਕਿਸੇ ਨੌਜਵਾਨ ਨੇ ਸਾਡੇ ’ਤੇ ਵਿਅੰਗ ਕੱਸੇ। ਇਸ ਮਗਰੋਂ ਉਹ  ਰਾਤ ਨੂੰ ਆਪਣੇ 10-12 ਸਾਥੀਆਂ ਨੂੰ ਲੈ ਕੇ ਸਾਡੇ ਘਰ ਵਿਚ ਦਾਖਲ ਹੋਇਆ।
 ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ। ਨਸ਼ੇ ਦੀ ਹਾਲਤ ਵਿਚ ਇਨ੍ਹਾਂ ਨੇ ਮੇਰੇ ਪਰਿਵਾਰ ’ਤੇ ਕਾਤਲਾਨਾ ਹਮਲਾ ਕੀਤਾ। ਮੇਰੇ ਪਿਤਾ ਚੰਦਗੀ ਰਾਮ, ਮੇਰੀ ਮਾਤਾ ਕਲੀ, ਜੋ ਕਿ ਸਫਾਈ ਯੂਨੀਅਨ ਦੀ ਸਾਬਕਾ ਪ੍ਰਧਾਨ ਹੈ, ਮੇਰੀ ਬੇਟੀ ਮੋਨਿਕਾ ਅਤੇ ਅਜੈ ਕੁਮਾਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।
ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
ਪ੍ਰਧਾਨ ਨੇ ਕਿਹਾ ਕਿ ਇਹ ਘਟਨਾ ਰਾਤ 11 ਵਜੇ ਦੇ ਕਰੀਬ ਹੋਈ। ਅਜੇ ਤੱਕ ਕੋਈ ਵੀ ਪੁਲਸ ਕਰਮਚਾਰੀ ਸਾਡੇ ਬਿਆਨ ਦਰਜ ਕਰਨ ਨਹੀਂ ਆਇਆ, ਜਦੋਂਕਿ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਪੁਲਸ ਵੱਲੋਂ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਪੁਲਸ ਨੇ ਸਖਤ ਕਾਰਵਾਈ ਨਾ ਕੀਤੀ ਤਾਂ ਸਾਨੂੰ ਮਜਬੂਰੀ ਵਿਚ ਸੰਘਰਸ਼ ਕਰਨਾ ਪਵੇਗਾ।
ਦੋਸ਼ੀਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ : ਡੀ. ਐੱਸ. ਪੀ.
 ਜਦੋਂ ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਛਿੱਬਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀਡ਼ਤ ਵਿਅਕਤੀਆਂ ਦੇ ਪੁਲਸ ਬਿਆਨ ਦਰਜ ਕਰ ਰਹੀ ਹੈ। ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

 


Related News