ਕੈਬ ਚਾਲਕ ਅਤੇ ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹਾਲਤ ਗੰਭੀਰ

Monday, Jul 15, 2024 - 12:20 PM (IST)

ਡੇਰਾਬੱਸੀ (ਜ. ਬ.) : ਡੇਰਾਬੱਸੀ-ਚੰਡੀਗੜ੍ਹ ਰੋਡ ’ਤੇ ਗੁਲਾਬਗੜ੍ਹ ਮੋੜ ਨੇੜੇ ਕੁੱਝ ਸ਼ਰਾਰਤੀ ਨੌਜਵਾਨਾਂ ਨੇ ਕੈਬ ਨੂੰ ਰੋਕ ਕੇ ਚਾਲਕ ਅਤੇ ਉਸ ਦੇ ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵੇਂ ਭਰਾਵਾਂ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਇਲਾਜ ਅਧੀਨ ਕੈਬ ਚਾਲਕ 23 ਸਾਲਾ ਗਗਨ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 11.30 ਵਜੇ ਗੁਲਾਬਗੜ੍ਹ ਤੋਂ ਸਵਾਰੀ ਛੱਡ ਕੇ ਆ ਰਿਹਾ ਸੀ ਕਿ ਰਸਤੇ ’ਚ ਪਿੰਡ ਜਵਾਹਰਪੁਰ ਦੇ ਨੌਜਵਾਨ ਨੇ ਉਸ ਦੀ ਗੱਡੀ ਰੋਕ ਕੇ ਬਹਿਸ ਸ਼ੁਰੂ ਕਰ ਦਿੱਤੀ। ਨੌਜਵਾਨ ਨੇ 2 ਹੋਰ ਨੌਜਵਾਨਾਂ ਨੂੰ ਬੁਲਾ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਉਸ ਦਾ ਵੱਡਾ ਭਰਾ ਨਰਿੰਦਰ ਸ਼ਰਮਾ, ਜੋ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਹੈ, ਉਹ ਵੀ ਉੱਥੇ ਆ ਗਿਆ।

ਇਸ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਦੋਹਾਂ ਭਰਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਦੋਵੇਂ ਭਰਾਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਸੈਕਟਰ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਜ਼ਖ਼ਮੀ ਗਗਨ ਦੀ ਪਿੱਠ ਅਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂ ਕਿ ਨਰਿੰਦਰ ਦੇ ਢਿੱਡ ਦੇ ਦੋਵੇਂ ਪਾਸੇ ਤੇਜ਼ਧਾਰ ਹਥਿਆਰਾਂ ਨਾਲ ਡੂੰਘੀਆਂ ਸੱਟਾਂ ਲੱਗੀਆਂ ਹਨ ਅਤੇ ਸਿਰ ’ਤੇ 7 ਟਾਂਕੇ ਵੀ ਲੱਗੇ ਹਨ। ਏ. ਐੱਸ. ਆਈ. ਨਥੀਰਾਮ ਨੇ ਦੱਸਿਆ ਕਿ ਦੋਹਾਂ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


Babita

Content Editor

Related News