ATM ਤੋੜਨ ਵਾਲੇ ਨਸ਼ਾ ਸੌਦਾਗਰ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਕੀ-ਕੀ ਹੋਇਆ ਬਰਾਮਦ
Wednesday, May 03, 2023 - 02:59 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਹਿਮਾਚਲ 'ਚ ਏ.ਟੀ.ਐੱਮ.ਤੋੜਨ ਵਾਲੇ ਗਿਰੋਹ ਦੇ ਮੈਂਬਰ ਤੇ ਉਸ ਦੇ ਸਾਥੀ ਨੂੰ ਸੀ.ਆਈ.ਏ. ਸਟਾਫ਼ ਗੁਰਦਾਸਪੁਰ ਨੇ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਅਤੇ ਲੱਖਾਂ ਦੀ ਹੈਰੋਇਨ ਬਰਾਮਦ ਕੀਤੀ ਹੈ। ਦੋਵੇਂ ਦੋਸ਼ੀ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜ਼ੋਰਾਵਰ ਸਿੰਘ ਉਰਫ਼ ਜੌਹਲਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਵਰਸੋਲਾ, ਜਿਸ ਨੇ ਹਿਮਾਚਲ ਦੇ ਏ.ਟੀ.ਐੱਮ. ਦੀ ਵੀ ਭੰਨ-ਤੋੜ ਕੀਤੀ ਸੀ, ਵਿਰੁੱਧ ਪਹਿਲਾਂ ਹੀ ਨਸ਼ੇ ਵੇਚਣ ਦੇ 12 ਕੇਸ ਦਰਜ ਹਨ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੱਖਾਂ ਦੀ ਜਾਅਲੀ ਕਰੰਸੀ ਬਰਾਮਦ, ਔਰਤ ਸਮੇਤ 2 ਮੁਲਜ਼ਮ ਕਾਬੂ, ਦੇਖੋ ਵੀਡੀਓ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਇਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ ਹੈ। ਪੁਲਸ ਨੇ ਕਾਬੂ ਕੀਤੇ ਰਾਜੇਸ਼ ਕੁਮਾਰ ਉਰਫ਼ ਗੁੱਗੂ ਪਾਸੋਂ ਇਕ ਦੇਸੀ ਕੱਟਾ, 4 ਜ਼ਿੰਦਾ ਰੌਂਦ ਅਤੇ ਇਕ 32 ਬੋਰ ਦਾ ਪਿਸਤੌਲ, 2 ਮੈਗਜ਼ੀਨ, 11 ਕਾਰਤੂਸ ਤੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਪੁਲਸ ਨੇ ਜ਼ੋਰਾਵਰ ਸਿੰਘ ਉਰਫ਼ ਜੌਹਲਾ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਜੌਹਲਾ ਦੇ ਵੱਡੇ ਪੱਧਰ ’ਤੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਕਿਉਂਕਿ ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਿਆਂ ਦੇ 12 ਕੇਸ ਦਰਜ ਹਨ, ਜਦੋਂਕਿ ਜੌਹਲਾ ਖ਼ਿਲਾਫ਼ ਹਿਮਾਚਲ 'ਚ ਏ.ਟੀ.ਐੱਮ. ਮਸ਼ੀਨ ਤੋੜਨ ਦੀ ਕੋਸ਼ਿਸ਼ ਦਾ ਕੇਸ ਵੀ ਦਰਜ ਹੈ। ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।