ਹਥਿਆਰਾਂ ਦੀ ਨੋਕ ''ਤੇ ਨੌਜਵਾਨਾਂ ਨੇ ਪ੍ਰੀਖਿਆ ਕੇਂਦਰ ''ਚ ਜੰਮ ਕੇ ਕਰਵਾਈ ਨਕਲ

03/02/2018 4:46:56 AM

ਅੰਮ੍ਰਿਤਸਰ/ਅਜਨਾਲਾ,  (ਦਲਜੀਤ/ਰਮਨਦੀਪ)-  ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿਚ ਨਕਲਚੀ ਅੰਗੂਠਾ ਦਿਖਾ ਰਹੇ ਹਨ। ਵਿਭਾਗ ਦੇ ਦਾਅਵਿਆਂ ਦੀ ਹਵਾ ਕੱਢਦਿਆਂ ਨਕਲਚੀ ਧੜੱਲੇ ਨਾਲ ਬੇਪ੍ਰਵਾਹ ਹੋਏ ਨਕਲ ਮਾਰ ਰਹੇ ਹਨ। ਵਿਭਾਗ ਦੇ ਅਧਿਕਾਰੀ ਵੀ ਨਕਲਚੀਆਂ ਅੱਗੇ ਬੇਵੱਸ ਹੋਏ ਕੋਈ ਕਾਰਵਾਈ ਨਹੀਂ ਕਰ ਰਹੇ, ਜਿਸ ਦੀ ਤਾਜ਼ਾ ਮਿਸਾਲ ਅੱਜ ਸਰਹੱਦੀ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨੀ. ਸੈਕੰ. ਸਕੂਲ ਓਠੀਆਂ ਵਿਚ ਉਸ ਵੇਲੇ ਦੇਖਣ ਨੂੰ ਮਿਲੀ ਜਦ ਦਾਤਰ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਕੁਝ ਅਣਪਛਾਤੇ ਨੌਜਵਾਨਾਂ ਨੇ ਸਕੂਲ ਦੀਆਂ ਕੰਧਾਂ ਟੱਪ ਕੇ ਪ੍ਰੀਖਿਆ ਕੇਂਦਰ 'ਚ ਜਾ ਕੇ ਤਾਇਨਾਤ ਨਿਗਰਾਨ ਅਮਲੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮਹਿਲਾ ਨਿਗਰਾਨ ਅਮਲੇ ਨੂੰ ਅਪਸ਼ਬਦ ਵੀ ਬੋਲੇ ਅਤੇ ਵਿਦਿਆਰਥੀਆਂ ਨੂੰ ਜੰਮ ਕੇ ਨਕਲ ਕਰਵਾਈ। 
ਇਥੇ ਹੀ ਬਸ ਨਹੀਂ, ਇਨ੍ਹਾਂ ਅਣਪਛਾਤੇ ਨੌਜਵਾਨਾਂ ਨੇ ਪੇਪਰ ਖਤਮ ਹੋਣ ਤੋਂ ਬਾਅਦ ਸਕੂਲ ਦੇ ਗੇਟ ਮੂਹਰੇ ਹੁੱਲੜਬਾਜ਼ੀ ਕੀਤੀ ਅਤੇ ਸਮੁੱਚੇ ਸਟਾਫ ਨੂੰ ਸਕੂਲ ਦੇ ਗੇਟ ਤੋਂ ਬਾਹਰ ਨਾ ਜਾਣ ਅਤੇ ਦੇਖ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਦੀ ਲਿਖਤੀ ਸ਼ਿਕਾਇਤ ਸਰਕਾਰੀ ਸੀਨੀ. ਸੈਕੰ. ਸਕੂਲ ਓਠੀਆਂ ਦੀ ਪ੍ਰਿੰ. ਮੈਡਮ ਸੁਖਰਾਜ ਕੌਰ ਨੇ ਥਾਣਾ ਰਾਜਾਸਾਂਸੀ ਦੀ ਪੁਲਸ ਨੂੰ ਦੇ ਦਿੱਤੀ ਹੈ। ਪ੍ਰਿੰਸੀਪਲ ਵੱਲੋਂ ਪੁਲਸ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਗਈ ਕਿ ਸਾਰੇ ਸਟਾਫ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਸ ਪ੍ਰੀਖਿਆ ਕੇਂਦਰ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣ ਅਤੇ ਸਾਰੇ ਅਧਿਆਪਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ।
ਇਸ ਸਬੰਧੀ ਜਦੋਂ ਥਾਣਾ ਰਾਜਾਸਾਂਸੀ ਦੇ ਮੁਖੀ ਗੁਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਵੱਲੋਂ ਲਿਖਤੀ ਦਰਖਾਸਤ ਉਨ੍ਹਾਂ ਨੂੰ ਮਿਲ ਗਈ ਹੈ ਅਤੇ ਜਿਨ੍ਹਾਂ ਨੌਜਵਾਨਾਂ ਨੇ ਅੱਜ ਸਕੂਲ 'ਚ ਹੁੱਲੜਬਾਜ਼ੀ ਕੀਤੀ, ਉਨ੍ਹਾਂ ਦੀ ਜਲਦ ਪਛਾਣ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਪ੍ਰੀਖਿਆ ਕੇਂਦਰ 'ਚ ਆਉਣ ਵਾਲੇ ਪੇਪਰਾਂ ਦੌਰਾਨ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਜਾਵੇਗੀ। ਉੱਧਰ ਸਰਕਾਰੀ ਸੀ. ਸੈ. ਸਕੂਲ ਅਠਵਾਲ 'ਚ ਪਿਛਲੇ ਦਿਨੀਂ ਸ਼ਰੇਆਮ ਨਕਲ ਚੱਲਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇ ਪਹਿਲੇ ਦਿਨ ਜਿਥੇ ਮੋਬਾਇਲ ਜ਼ਰੀਏ ਪੇਪਰ ਲੀਕ ਹੋ ਗਿਆ, ਉਥੇ ਜ਼ਿਲੇ ਦੇ ਕੁਝ ਸੈਂਟਰਾਂ ਵਿਚ ਸ਼ਰੇਆਮ ਨਕਲ ਹੁੰਦੀ ਰਹੀ। ਅੱਜ ਵੀ ਜ਼ਿਲੇ 'ਚ ਈ. ਵੀ. ਐੱਸ. ਦੀ ਪ੍ਰੀਖਿਆ ਵਿਚ ਕਾਫ਼ੀ ਨਕਲ ਹੋਈ ਪਰ ਸਿੱਖਿਆ ਵਿਭਾਗ ਨੂੰ ਇਕ ਵੀ ਨਕਲ ਦਾ ਕੇਸ ਨਹੀਂ ਮਿਲਿਆ। ਸਰਕਾਰੀ ਸੀ. ਸੈ. ਸਕੂਲ ਅਠਵਾਲ ਵਿਚ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਸਬੂਤਾਂ ਸਮੇਤ ਨਕਲ ਚੱਲਣ ਸਬੰਧੀ ਸੱਚਾਈ ਪੇਸ਼ ਕਰਦੇ ਹੋਏ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਪਰ ਵਿਭਾਗ ਨੇ ਅਠਵਾਲ ਸਕੂਲ 'ਤੇ ਕਾਰਵਾਈ ਕਰਨ ਦੀ ਬਜਾਏ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ।
ਉਕਤ ਕਾਰਵਾਈ ਤੋਂ ਇਹ ਸਿੱਧ ਹੋ ਗਿਆ ਹੈ ਕਿ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਸਿਰਫ ਗੱਲਾਂ ਹੀ ਕਰਦੇ ਹਨ। ਅਸਲੀਅਤ ਵਿਚ ਉਹ ਵੀ ਨਹੀਂ ਚਾਹੁੰਦੇ ਕਿ ਨਕਲ ਰੁਕੇ, ਇਸ ਲਈ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਉਕਤ ਸਕੂਲ 'ਤੇ ਕੋਈ ਕਾਰਵਾਈ ਨਹੀਂ ਹੋਈ। ਵਿਭਾਗੀ ਨਿਯਮ ਦੱਸਦੇ ਹਨ ਕਿ ਡੀ. ਈ. ਓ. ਸਮੇਤ ਹੋਰ ਅਧਿਕਾਰੀਆਂ ਨੇ ਉਕਤ ਸਕੂਲ ਨੂੰ ਬਚਾਉਣ ਲਈ ਤੱਥਾਂ ਦੇ ਉਲਟ ਜਾ ਕੇ ਬੋਰਡ ਨੂੰ ਰਿਪੋਰਟ ਭੇਜੀ ਹੈ। ਇਸ ਵਾਰ ਦੀਆਂ ਪ੍ਰੀਖਿਆਵਾਂ ਵਿਚ ਨਕਲ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਈ. ਵੀ. ਐੱਸ. ਪ੍ਰੀਖਿਆ ਵਿਚ ਗੁਪਤ ਰਸਤਿਆਂ ਤੋਂ ਨਕਲ ਹੋਈ ਹੈ। ਵਿਭਾਗ ਵੱਲੋਂ ਜ਼ਿਆਦਾ ਮਹੱਤਵਪੂਰਨ ਉਕਤ ਸਬਜੈਕਟ ਦੀ ਪ੍ਰੀਖਿਆ ਨੂੰ ਨਾ ਸਮਝਣਾ ਨਕਲਚੀਆਂ ਲਈ ਫਾਇਦੇਮੰਦ ਰਿਹਾ ਹੈ।
ਜ਼ਿਲੇ ਤੋਂ ਪ੍ਰਾਪਤ ਹੋਈ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਚੈਕਿੰਗ ਟੀਮਾਂ ਘੱਟ ਹੋਣ ਕਾਰਨ ਗਰੁੱਪ ਵਿਚ ਬੈਠ ਕੇ ਬੱਚੇ ਨਕਲ ਮਾਰਦੇ ਰਹੇ। ਪਿਛਲੇ ਸਾਲ ਵੀ ਸਰਕਾਰੀ ਸੀ. ਸੈ. ਸਕੂਲ ਮਜੀਠਾ ਵਿਚ ਸ਼ਰੇਆਮ ਨਕਲ ਹੋਈ ਸੀ, ਉਦੋਂ ਵੀ ਵਿਭਾਗ ਨੇ ਉਕਤ ਸਕੂਲ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਸੀ। ਮਜੀਠਾ ਸਕੂਲ ਦੇ ਵਿਦਿਆਰਥੀ ਹੀ ਇਸ ਵਾਰ ਅਠਵਾਲ ਸਕੂਲ ਵਿਚ ਪ੍ਰੀਖਿਆ ਦੇ ਰਹੇ ਹਨ।


Related News