ਕੋਰੋਨਾ ਰੋਗੀਆਂ ਦੇ ਸੰਪਰਕ ’ਚ ਆਏ ਵਿਧਾਇਕ ਮਾਨਸੂਨ ਇਜਲਾਸ ਤੋਂ ਕਰਨ ਪਰਹੇਜ਼ : ਕੇ. ਪੀ. ਸਿੰਘ

08/27/2020 8:28:20 PM

ਜਲੰਧਰ/ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਇਸ ਦੌਰਾਨ ਪੰਜਾਬ 'ਚ ਹੁਣ ਤਕ ਹਜ਼ਾਰਾਂ ਲੋਕਾਂ ਸਣੇ 29 ਮੰਤਰੀ/ਵਿਧਾਇਕ ਵੀ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ। ਇਸ ਦੌਰਾਨ ਵਿਧਾਨਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ ਦੇ ਇਕ ਰੋਜ਼ਾ ਸੈਸ਼ਨ 'ਚ ਸ਼ਾਮਲ ਨਾ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਏ ਹਨ, ਉਹ ਵਿਧਾਨਸਭਾ ਮਾਨਸੂਨ ਇਜਲਾਸ ਤੋਂ ਪਰਹੇਜ਼ ਕਰਨ। ਇਹ ਫੈਸਲਾ ਉਨ੍ਹਾਂ ਨੇ ਸੈਸ਼ਨ 'ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਅਪੀਲ
ਕੋਵਿਡ-19 ਪਾਜ਼ੇਟਿਵ ਵਿਧਾਇਕਾਂ/ਮੰਤਰੀਆਂ ਦੀ ਗਿਣਤੀ ਵਧਕੇ 29 ਤੱਕ ਪੁੱਜਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਵਿਧਾਇਕਾਂ/ਮੰਤਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਧਾਇਕਾਂ ਨੂੰ ਭਲਕੇ ਵਿਧਾਨ ਸਭਾ ਦੇ ਹੋਣ ਵਾਲੇ ਇਕ ਰੋਜ਼ਾ ਸੈਸ਼ਨ 'ਚ ਸ਼ਿਰਕਤ ਨਾ ਕਰਨ ਦੀ ਅਪੀਲ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ 20 ਅਗਸਤ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਦਿੱਤੇ ਜਾ ਰਹੇ ਧਰਨਿਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਵਿਚ ਦਿੱਤੇ ਜਾ ਰਹੇ ਧਰਨੇ ਆਮ ਲੋਕਾਂ ਦੇ ਜੀਵਨ ਨੂੰ ਖਤਰੇ ਵਿਚ ਪਾ ਰਹੇ ਹਨ। 'ਆਪ' ਪਾਰਟੀ ਨੂੰ ਇਹ ਧਰਨੇ ਬੰਦ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 25 ਤੋਂ 250 ਵਿਅਕਤੀਆਂ ਦੀ ਸ਼ਮੂਲੀਅਤ ਨਾਲ ਹੋਣ ਵਾਲੇ ਇਹ ਇਕੱਠ/ਧਰਨੇ ਇਸ ਮਹਾਂਮਾਰੀ ਨੂੰ ਹੋਰ ਫੈਲਾਉਣ ਲਈ ਬਲ਼ਦੀ 'ਤੇ ਤੀਲੀ ਦਾ ਕੰਮ ਕਰ ਰਹੇ ਹਨ।


Deepak Kumar

Content Editor

Related News