ਅਗਲੀਆਂ ਵਿਧਾਨ ਸਭਾ ਚੋਣਾਂ ''ਚ 117 ਸੀਟਾਂ ਦੇ ਗਣਿਤ ''ਚ ਵਧਿਆ ਚੁੱਕ-ਥੱਲ ਦਾ ਦੌਰ

Monday, Oct 19, 2020 - 05:36 PM (IST)

ਜਲੰਧਰ (ਰਾਹੁਲ) : ਪੰਜਾਬ ਭਾਜਪਾ ਦੇ ਸੂਬਾ ਮਹਾਮੰਤਰੀ ਮਲਵਿੰਦਰ ਕੰਗ ਦੇ ਅਸਤੀਫ਼ੇ ਨਾਲ ਸੰਗਠਨ ਹੈਰਾਨ ਹੈ। ਪੰਜਾਬ ਵਿਚ ਲੰਮੇ ਸਮੇਂ ਬਾਅਦ ਭਾਜਪਾ ਵੱਲੋਂ ਆਪਣੇ ਦਮ 'ਤੇ ਵਿਧਾਨ ਸਭਾ ਚੋਣ ਲੜਨ ਦੇ ਐਲਾਨ ਨਾਲ ਵਰਕਰ ਤੇ ਸਥਾਨਕ ਨੇਤਾ ਆਪੋ-ਆਪਣੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਲੱਗੇ ਹਨ। ਭਾਜਪਾ ਬਦਲਦੇ ਮਾਹੌਲ ਵਿਚ ਖਸਤਾ ਹੁੰਦੀ ਕਾਂਗਰਸ ਦੀ ਸਥਿਤੀ, ਆਪਣੀਆਂ ਵੱਡੀਆਂ ਇੱਛਾਵਾਂ ਅਤੇ ਦੂਜੀਆਂ ਪਾਰਟੀਆਂ ਦੀਆਂ ਨਜ਼ਦੀਕੀਆਂ ਨੂੰ ਵੀ ਭੁਨਾਉਣ ਦੀ ਕੋਸ਼ਿਸ਼ ਵਿਚ ਹੈ। ਮਲਵਿੰਦਰ ਸਿੰਘ ਦਾ ਅਸਤੀਫਾ ਵੀ ਇਸੇ ਤਰ੍ਹਾਂ ਦੇ ਦਬਾਅ ਵਿਚ ਦਿੱਤਾ ਗਿਆ ਲੱਗਦਾ ਹੈ। ਜਿਸ ਤੇਜ਼ੀ ਨਾਲ ਕੰਗ ਦਾ ਕੱਦ ਭਾਜਪਾ ਵਿਚ ਵਧ ਰਿਹਾ ਸੀ, ਉਸ ਵਿਚ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਨਾਲ ਨਜ਼ਦੀਕੀਆਂ ਦੇ ਵੀ ਚਰਚੇ ਸਨ, ਜੋ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਕਾਫੀ ਹੱਦ ਤਕ ਸਟੀਕ ਰਹੇ ਹਨ। ਕੇਂਦਰ 'ਚ ਸੱਤਾਧਾਰੀ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਿਸ ਹਾਲਤ ਵਿਚ ਹੋਵੇਗੀ, ਉਸ ਦੀ ਹਾਲਤ ਮਜ਼ਬੂਤ ਕਰਨ ਲਈ ਜੋੜ-ਤੋੜ ਦੀ ਕੀ ਭੂਮਿਕਾ ਹੋਵੇਗੀ, ਨਾਲ ਕਈ ਆਗੂਆਂ ਦੀ ਨੀਂਦ ਹੁਣ ਤੋਂ ਹੀ ਉੱਡਣ ਲੱਗੀ ਹੈ ਤਾਂ ਕਈ ਹਮਖਿਆਲੀ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਆਪਣੀਆਂ ਨਜ਼ਦੀਕੀਆਂ ਨੂੰ ਭੁਨਾਉਣ ਦੀ ਜੁਗਤ ਲਾ ਰਹੇ ਹਨ।

ਪੰਜਾਬ ਦੇ ਮੁੱਦਿਆਂ 'ਤੇ ਸੂਬੇ ਦੀ ਚੋਟੀ ਦੀ ਲੀਡਰਸ਼ਿਪ 'ਤੇ ਉੱਠਣ ਲੱਗੇ ਸਵਾਲ
ਕੰਗ ਨੇ ਆਪਣੇ ਅਸਤੀਫੇ ਦੇ ਨਾਲ-ਨਾਲ ਸੂਬਾ ਅਤੇ ਰਾਸ਼ਟਰੀ ਸੰਗਠਨ ਦੇ ਸਬੰਧਾਂ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾਈ ਲੀਡਰਸ਼ਿਪ ਰਾਸ਼ਟਰੀ ਪੱਧਰ 'ਤੇ ਆਪਣਾ ਪੱਖ ਰੱਖਣ ਲਈ ਨਹੀਂ, ਸਿਰਫ਼ ਹਦਾਇਤਾਂ ਲੈਣ ਲਈ ਹੀ ਜਾਂਦੀ ਹੈ। ਪੰਜਾਬ, ਪੰਜਾਬੀਅਤ ਅਤੇ ਸਥਾਨਕ ਮਾਮਲਿਆਂ 'ਤੇ ਵੀ ਸੂਬੇ ਦੇ ਅਹੁਦੇਦਾਰ ਬਿਨਾਂ ਇਜਾਜ਼ਤ ਆਪਣਾ ਪੱਖ ਨਹੀਂ ਰੱਖ ਸਕਦੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਨਾਲ ਹੁਣ ਇੰਡਸਟਰੀ ਨੂੰ ਬਿਜਲੀ ਸੰਕਟ ਦਾ ਵੀ ਕਰਨਾ ਪੈ ਰਿਹੈ ਸਾਹਮਣਾ

ਹਮਖਿਆਲੀ ਸੰਗਠਨਾਂ 'ਚ ਵੀ ਆਉਣ ਲੱਗਾ ਉਬਾਲ
ਪੰਜਾਬ ਵਿਚ ਭਾਜਪਾ ਵੱਲੋਂ ਇਕੱਲਿਆਂ ਵਿਧਾਨ ਸਭਾ ਚੋਣ ਲੜਨ ਦੀਆਂ ਅਟਕਲਾਂ, ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਨਾਲ ਬਣਦੇ-ਵਿਗੜਦੇ ਸਮੀਕਰਨਾਂ ਦੀ ਚਰਚਾ ਨਾਲ ਭਾਜਪਾ ਦੇ ਹਮਖਿਆਲੀ ਸੰਗਠਨਾਂ ਵਿਚ ਵੀ ਉਬਾਲ ਆਉਣ ਲੱਗਾ ਹੈ। ਸਾਫ਼-ਸਪੱਸ਼ਟ ਅਤੇ ਰਾਸ਼ਟਰਵਾਦੀ ਸੰਗਠਨ 'ਤੇ ਵੀ ਵਿਚਾਰਿਕ ਹਮਲਿਆਂ ਦਾ ਦੌਰ ਇਕ ਸੋਚੀ-ਸਮਝੀ ਰਣਨੀਤੀ ਤਹਿਤ ਸ਼ੁਰੂ ਹੋ ਚੁੱਕਿਆ ਹੈ। ਸੋਸ਼ਲ ਮੀਡੀਆ 'ਤੇ ਕੁਝ ਆਪਣੇ ਹੀ ਲੋਕਾਂ ਵੱਲੋਂ ਆਪਣਿਆਂ ਵਿਰੁੱਧ ਕੀਤੀਆਂ ਜਾ ਰਹੀਆਂ ਟਿੱਪਣੀਆਂ ਨਾਲ ਵੀ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ ਹਨ।

ਪੰਜਾਬ ਨਹੀਂ, ਜਾਤੀਗਤ ਸਮੀਕਰਨਾਂ ਵਿਚ ਵੰਡੀਆਂ ਜਾਣ ਲੱਗੀਆਂ ਹਨ ਸਿਆਸੀ ਪਾਰਟੀਆਂ
ਭਾਜਪਾ-ਅਕਾਲੀ ਗੱਠਜੋੜ ਟੁੱਟਣ ਤੋਂ ਬਾਅਦ ਬਦਲਦੇ ਸਮੀਕਰਨਾਂ ਅਤੇ ਸੂਬੇ ਦੀ ਵਿਗੜਦੀ ਸੁਰੱਖਿਆ ਵਿਵਸਥਾ ਨਾਲ ਪੰਜਾਬ ਦੇ ਲੋਕ ਦਹਿਸ਼ਤ ਵਿਚ ਹਨ। ਇਸ ਦਾ ਸਿਆਸੀ ਲਾਹਾ ਲੈਣ ਲਈ ਕੁਝ ਸੰਗਠਨਾਂ ਵੱਲੋਂ ਸੋਚੀ-ਸਮਝੀ ਰਣਨੀਤੀ ਅਨੁਸਾਰ ਪੰਜਾਬ ਤੇ ਪੰਜਾਬੀਅਤ ਦੀ ਬਜਾਏ ਜਾਤੀਗਤ ਸਮੀਕਰਨਾਂ ਅਤੇ ਆਪਸੀ ਵੈਰ-ਭਾਵਨਾ ਨੂੰ ਉਭਾਰ ਕੇ ਸੂਬੇ ਦੀ ਸੁਰੱਖਿਆ ਨਾਲ ਕੀਤਾ ਜਾ ਰਿਹਾ ਖਿਲਵਾੜ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਪਲਾਨਿੰਗ : 12 ਹਜ਼ਾਰ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ :ਪੀ. ਜੀ. ਆਈ. ਡਾਇਰੈਕਟਰ

ਕੰਗ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਵੀ ਚੋਟੀ ਦੀ ਲੀਡਰਸ਼ਿਪ ਦੀ ਚੁੱਪ ਭੇਤਭਰੀ
ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਵਿਚ ਖੇਤੀਬਾੜੀ ਕਾਨੂੰਨਾਂ ਦੇ ਮਾਮਲੇ ਵਿਚ ਵਿਚਾਰ-ਭਿੰਨਤਾ ਜਾਂ ਗੈਰ-ਗੰਭੀਰਤਾ ਦੇ ਨਤੀਜੇ ਵਜੋਂ ਭਾਜਪਾ ਨੂੰ ਜਿੱਥੇ ਕੰਗ ਦੇ ਅਸਤੀਫੇ ਤੋਂ ਬਾਅਦ ਕਟਹਿਰੇ ਵਿਚ ਖੜ੍ਹਾ ਹੋਣਾ ਪੈ ਰਿਹਾ ਹੈ, ਉੱਥੇ ਹੀ ਜਗ੍ਹਾ-ਜਗ੍ਹਾ ਭਾਜਪਾ ਸੂਬਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੇ ਵਿਰੋਧ ਨਾਲ ਸੂਬੇ ਦੀ ਕਾਰਜ-ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਜ਼ਮੀਨੀ ਪੱਧਰ ਦੇ ਵਰਕਰਾਂ ਤੇ ਅਹੁਦੇਦਾਰਾਂ ਦੀ ਕਮੀ ਹੁਣ ਸਾਰਿਆਂ ਨੂੰ ਮਹਿਸੂਸ ਹੋਣ ਲੱਗੀ ਹੈ। ਕੰਗ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨ-ਵਿਰੋਧੀ ਦੱਸਣ ਦੇ ਦੋਸ਼ਾਂ ਤੋਂ ਬਾਅਦ ਵੀ ਚੋਟੀ ਦੀ ਲੀਡਰਸ਼ਿਪ ਦੀ ਚੁੱਪ ਭੇਤਭਰੀ ਬਣਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਰਕਾਰੀ ਹਿਦਾਇਤਾਂ ਮੁਤਾਬਕ ਸਕੂਲ ਵਿਹੜੇ 'ਚ ਪਹੁੰਚੇ 9 ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ


Anuradha

Content Editor

Related News