ਮਿਸ਼ਨ 2022 ਵਿਧਾਨ ਸਭਾ ਚੋਣਾਂ, ਕੌਣ ਉਤਰੇਗਾ ਚੁਣਾਵੀ ਮੈਦਾਨ ’ਚ ਮਾਂ ਜਾਂ ਬੇਟਾ?

04/02/2021 12:57:17 PM

ਲਹਿਰਾਗਾਗਾ  (ਜ.ਬ.): ਆਗਾਮੀ ਵਿਧਾਨ ਸਭਾ ਚੋਣਾਂ 2022 ’ਚ ਇਕ ਸਾਲ ਤੋਂ ਘੱਟ ਦਾ ਸਮਾਂ ਰਹਿ ਜਾਣ ਦੇ ਬਾਵਜੂਦ ਹਲਕੇ ’ਚ ਸਿਆਸੀ ਪਾਰਟੀਆਂ ਵੱਲੋਂ ਚੁਣਾਵੀਂ ਸਰਗਰਮੀਆਂ ਨਾ ਦੇ ਬਰਾਬਰ ਹਨ, ਭਾਵੇਂ ਹਲਕੇ ਦੇ ਲਹਿਰਾਗਾਗਾ ਵਿਖੇ ਹੋਈਆਂ ਨਗਰ ਕੌਂਸਲ ਚੋਣਾਂ ਨੂੰ ਵੋਟਰਾਂ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਹੀ ਵੇਖਿਆ ਗਿਆ ਪਰ ਫ਼ਿਲਹਾਲ ਕਿਸੇ ਵੀ ਸਿਆਸੀ ਪਾਰਟੀ ’ਚ ਕੋਈ ਚੁਣਾਵੀ ਉਤਸ਼ਾਹ/ ਜੋਸ਼ ਦਿਖਾਈ ਨਹੀਂ ਦੇ ਰਿਹਾ, ਬਾਵਜੂਦ ਇਸ ਦੇ ਹਲਕੇ ਦੇ ਵੋਟਰਾਂ ’ਚ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਨੇ ਧਾਰਿਆ ਭਿਆਨਕ ਰੂਪ, ਕੁਹਾੜੀ ਨਾਲ ਪਤਨੀ ਵੱਢ ਫ਼ਰਾਰ ਹੋਇਆ ਪਤੀ

ਬੇਸ਼ੱਕ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਇੰਚਾਰਜ ਦੁਰਲੱਭ ਸਿੰਘ ਸਿੱਧੂ ਉਕਤ ਸੀਟ ’ਤੇ ਆਪਣਾ ਦਾਅਵਾ ਜਤਾਉਣ ਦਾ ਯਤਨ ਕਰ ਰਹੇ ਹਨ ਪਰ ਸੂਤਰਾਂ ਅਨੁਸਾਰ ਲਹਿਰਾ ਸੀਟ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦੇ ਕੋਟੇ ’ਚ ਹੀ ਰਹੇਗੀ,ਕਿਉਂਕਿ ਪਾਰਟੀ ਹਾਈ ਕਮਾਨ ਬੀਬੀ ਭੱਠਲ ਦੇ ਹਲਕੇ ’ਚ ਮਜ਼ਬੂਤ ਵੋਟ ਬੈਂਕ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦੀ ਪਰ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਆਖਿਰਕਾਰ ਲਹਿਰਾ ਸੀਟ ਤੋਂ ਚੋਣ ਲੜੇਗਾ ਕੌਣ ,ਬੀਬੀ ਭੱਠਲ ਜਾਂ ਉਨ੍ਹਾਂ ਦਾ ਪੁੱਤਰ ਰਾਹੁਲ ਸਿੱਧੂ?

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿ ਸੂਬਾ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਪਾਰਟੀ ਹਾਈਕਮਾਨ ਕੋਲ ਪਰਿਵਾਰਕ ਮੈਂਬਰਾਂ (ਬੇਟਾ-ਬੇਟੀ) ਨੂੰ ਵੀ ਵਿਧਾਨ ਸਭਾ ਚੋਣਾਂ ਦੀ ਟਿਕਟ ਦੇ ਕੇ ਸਿਆਸਤ ’ਚ ਸਰਗਰਮ ਕਰਨ ਦੀ ਗੁਹਾਰ ਲਾਈ ਹੈ, ਜਿਸ ਕਾਰਣ ਬੀਬੀ ਭੱਠਲ ਦੇ ਨਾਲ-ਨਾਲ ਸੂਬੇ ਦੇ ਹੋਰਨਾਂ ਸੀਨੀਅਰ ਆਗੂਆਂ ਨੂੰ ਇਕ ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ , ਜਿਸ ਨੂੰ ਲੈ ਕੇ ਹਲਕੇ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਲਹਿਰਾ ਹਲਕੇ ਤੋਂ ਬੀਬੀ ਭੱਠਲ ਦੇ ਪੁੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਸੰਗਰੂਰ ਦੇ ਸਾਬਕਾ ਪ੍ਰਧਾਨ ਰਾਹੁਲਇੰਦਰ ਸਿੰਘ ਸਿੱਧੂ ਮਜ਼ਬੂਤ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰ ਸਕਦੇ ਹਨ ਅਤੇ ਬੀਬੀ ਭੱਠਲ ਨੂੰ ਪਾਰਟੀ ਵੱਲੋਂ ਕਿਸੇ ਹੋਰ ਹਲਕੇ ਤੋਂ ਚੋਣ ਲੜਾਈ ਜਾ ਸਕਦੀ ਹੈ ਪਰ ਸਿਆਸਤ ’ਚ ਕਦੋਂ ਕੀ ਹੋ ਜਾਵੇ ਕਿਹਾ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: ਅਰੁਣ ਨਾਰੰਗ ਦੀ ਕੁੱਟਮਾਰ ਦੇ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰੀ ਲਈ ਖ਼ੁਦ ਪੇਸ਼ ਹੋਏ ਕਿਸਾਨ ਆਗੂ

ਜੇਕਰ ਪਾਰਟੀ ਹਾਈਕਮਾਨ ਨੇ ਇਕ ਤੋਂ ਵੱਧ ਪਰਿਵਾਰਕ ਮੈਂਬਰਾਂ ਨੂੰ ਸੀਟ ਦੇਣ ਦੀ ਗੁਹਾਰ ’ਤੇ ਮੋਹਰ ਨਾ ਲਾਈ ਤਾਂ ਬੀਬੀ ਭੱਠਲ ਲਹਿਰਾ ਹਲਕੇ ਤੋਂ ਹੀ ਉਮੀਦਵਾਰ ਹੋ ਸਕਦੇ ਹਨ।ਜ਼ਿਕਰਯੋਗ ਹੈ ਕਿ ਬੀਬੀ ਭੱਠਲ ਦੇ ਬੇਟੇ ਰਾਹੁਲ ਇੰਦਰ ਸਿੰਘ ਸਿੱਧੂ ਨੇ ਪਿਛਲੇ ਸਮੇਂ ’ਚ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਲਈ ਪਾਰਟੀ ਹਾਈਕਮਾਨ ਕੋਲ ਆਪਣਾ ਪੱਖ ਰੱਖਿਆ ਸੀ ਪਰ ਸਫਲ ਨਹੀਂ ਹੋ ਸਕੇ । ਹੁਣ ਹਲਕੇ ’ਚ ਯੂਥ ਵੋਟ ਬੈਂਕ ’ਤੇ ਮਜ਼ਬੂਤ ਪਕੜ ਰੱਖਣ ਵਾਲੇ ਰਾਹੁਲ ਸਿੱਧੂ ਵੱਲੋਂ ਹਲਕੇ ’ਚ ਕੀਤੀਆਂ ਜਾ ਰਹੀਆਂ ਸਿਆਸੀ ਸਰਗਰਮੀਆਂ ,ਹਲਕੇ ਦੇ ਹਰ ਕੰਮ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਉਨ੍ਹਾਂ ਵੱਲੋਂ ਪਰਿਵਾਰ ਸਮੇਤ ਲਹਿਰਾਗਾਗਾ ਵਿਖੇ ਸ਼ਿਫਟ ਹੋਣਾ ,ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਖੁਦ ਬੈਠਕਾਂ ਕਰਨਾ, ਹਲਕੇ ਦੇ ਕੰਮਾਂ ਲਈ ਖ਼ੁਦ ਸਬੰਧਤ ਮੰਤਰੀਆਂ ਨੂੰ ਮਿਲਣਾ ਅਤੇ ਬੀਬੀ ਭੱਠਲ ਵੱਲੋਂ ਹਲਕੇ ’ਚ ਹੋਣ ਵਾਲੇ ਪ੍ਰੋਗਰਾਮਾਂ ’ਚ ਰਾਹੁਲ ਸਿੱਧੂ ਨੂੰ ਭੇਜਣਾ ਸਪੱਸ਼ਟ ਸੰਕੇਤ ਹਨ ਕਿ ਰਾਹੁਲ ਸਿੱਧੂ ਹੀ ਲਹਿਰਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ 'ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ 'ਤੇ ਹਮਲਾ

ਹਲਕੇ ਦੇ ਵੋਟਰਾਂ ’ਤੇ ਚੰਗਾ ਪ੍ਰਭਾਵ ਰੱਖਣ ਵਾਲੇ ਯੂਥ ਆਗੂਆਂ ਜ਼ਿਲਾ ਸ਼ਿਕਾਇਤ ਕਮੇਟੀ ਮੈਂਬਰ ਕੌਂਸਲਰ ਐਡਵੋਕੇਟ ਰਜਨੀਸ਼ ਗੁਪਤਾ, ਐੱਸ. ਸੀ. ਵਿੰਗ ਦੇ ਜ਼ਿਲਾ ਚੇਅਰਮੈਨ ਗੁਰਲਾਲ ਸਿੰਘ, ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਰਾਜੇਸ਼ ਕੁਮਾਰ ਭੋਲਾ, ਨੀਟੂ ਸ਼ਰਮਾ,ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਸਾਬਕਾ ਡਾਇਰੈਕਟਰ ਸੰਜੀਵ ਕੁਮਾਰ ਹਨੀ, ਜੱਸੀ ਅਤੇ ਰਿਸ਼ੀਪਾਲ ਅੰਨਦਾਣਾ, ਗੁਰਤੇਜ ਸਿੰਘ ਤੇਜੀ, ਕੁਲਦੀਪ ਸਿੰਘ ਚੂੜਲ, ਰਿੰਕੂ ਗੁਰਨੇ, ਫਰੂਟ ਮਰਚੈਂਟਸ ਦੇ ਪ੍ਰਧਾਨ ਪਵਨ ਕੁਮਾਰ ਪੰਮੀ, ਬਲਜੀਤ ਸਿੰਘ ਮੰਡਵੀ, ਬੂਟਾ ਸਿੰਘ ਭੁਟਾਲ,ਬਲਜੀਤ ਸਿੰਘ ਕਾਲੀਆ ਤੋਂ ਇਲਾਵਾ ਹੋਰ ਸੈਂਕੜੇ ਨੌਜਵਾਨਾਂ ਦੀ ਮਜ਼ਬੂਤ ਟੀਮ ਰਾਹੁਲ ਸਿੱਧੂ ਨਾਲ ਖੜ੍ਹੀ ਹੈ , ਉਥੇ ਹੀ ਸੀਨੀਅਰ ਨੇਤਾਵਾਂ ਬੀਬੀ ਭੱਠਲ ਦੇ ਓ. ਐੱਸ. ਡੀ. ਰਵਿੰਦਰ ਟੁਰਨਾ ਤੋਂ ਇਲਾਵਾ ਹੋਰਨਾਂ ਸੀਨੀਅਰ ਨੇਤਾਵਾਂ ਦਾ ਆਸ਼ੀਰਵਾਦ, ਸਿਆਸੀ ਅਤੇ ਚੁਣਾਵੀ ਸਲਾਹ ਵੀ ਰਾਹੁਲ ਸਿੱਧੂ ਲਈ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸਿਆਸੀ ਊਠ ਕਿਸ ਕਰਵਟ ਬੈਠਦਾ ਹੈ ? ਫਿਲਹਾਲ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।


Shyna

Content Editor

Related News