ਵਿਧਾਨ ਸਭਾ ਚੋਣਾਂ ''ਚ ''ਆਪ'' ਨਾਲ ਜੁੜੇ ਯੂਥ ਨੇ ਫੇਰਿਆ ਮੂੰਹ
Wednesday, Dec 11, 2019 - 06:35 PM (IST)
ਦੋਰਾਹਾ (ਸੂਦ) : ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨ ਤੇ ਆਮ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਗਏ ਸਨ। ਜਿਸ ਕਰਕੇ ਉਸ ਸਮੇਂ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਦੇਖ ਕੇ ਜਿਥੇ ਦੂਜੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਕੱਦ ਦੇ ਲੀਡਰ ਸੋਚਣ ਲਈ ਮਜਬੂਰ ਹੋ ਗਏ ਸਨ, ਉਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਚੋਣ ਰੈਲੀਆਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਰਗੀਆਂ ਪਾਰਟੀਆਂ 'ਤੇ ਤਿੱਖੇ ਹਮਲੇ ਕਰਕੇ 100 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ ਪਰ ਉਸ ਸਮੇਂ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਵਿਚ ਕਾਮਯਾਬ ਨਹੀਂ ਹੋਈ, ਜਿਸ ਤੋਂ ਬਾਅਦ ਸੂਬੇ ਅੰਦਰ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਲੋਕਾਂ ਵਿਚ ਜਾ ਕੇ ਵਿਚਰਨਾ ਬੰਦ ਕਰ ਦਿੱਤਾ ਅਤੇ ਕਈ ਲੀਡਰਾਂ ਨੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਮੋਢੇ ਨਾਲ ਮੋਢਾ ਮਿਲਾ ਲਿਆ, ਜਿਸ ਕਰਕੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਕਈ ਥਾਵਾਂ 'ਤੇ ਦਿਨੋਂ ਦਿਨ ਘਟਣੀ ਸ਼ੁਰੂ ਹੋ ਗਈ।
ਠੀਕ ਇਸੇ ਤਰ੍ਹਾਂ ਜੇਕਰ ਸਥਾਨਕ ਸ਼ਹਿਰ ਅਤੇ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਦੀ ਟਿਕਟ 'ਤੇ ਚੋਣ ਲੜਨ ਵਾਲੇ ਆਗੂ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗਣ ਤੋਂ ਬਾਅਦ ਉਸਨੇ ਪਾਰਟੀ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੌਜੂਦਾ ਸੀਨੀਅਰ ਲੀਡਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਕਰਕੇ ਵੀ ਪਾਰਟੀ ਦੀ ਲੋਕਪ੍ਰਿਯਤਾ ਦਿਨੋ-ਦਿਨ ਘਟਣੀ ਸ਼ੁਰੂ ਹੋ ਗਈ। ਇੱਥੇ ਹੀ ਬੱਸ ਨਹੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਤੇ ਸ਼ਹਿਰ ਅੰਦਰ ਵੱਡੀਆਂ ਰੈਲੀਆਂ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 'ਆਪ' ਨਾਲ ਜੁੜੇ ਕੁਝ ਸੀਨੀਅਰ ਆਗੂ ਹੁਣ ਸ਼ਹਿਰ ਅੰਦਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਗੋਡੇ ਫੜ ਕੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ, ਜਿਸ ਕਰਕੇ ਇਲਾਕੇ ਤੇ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਨੌਜਵਾਨਾਂ ਤੇ ਆਮ ਲੋਕਾਂ ਨੇ ਪਾਰਟੀ ਤੋਂ ਮੂੰਹ ਫੇਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸੇ ਕਰ ਕੇ ਸ਼ਹਿਰ ਅਤੇ ਇਲਾਕੇ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਕਰਕੇ ਤੇ ਉਨ੍ਹਾਂ ਵੱਲੋਂ ਪਾਰਟੀ ਨਾਲ ਜੁੜੇ ਨੌਜਵਾਨਾਂ ਤੇ ਵਰਕਰਾਂ ਦੀ ਕੋਈ ਸਾਰ ਨਾ ਲੈਣ ਕਰਕੇ 'ਆਪ' ਡੁੱਬਣ ਦੇ ਕਿਨਾਰੇ ਖੜ੍ਹੀ ਹੋਈ ਦਿਖਾਈ ਦੇ ਰਹੀ ਹੈ।
ਉਧਰ ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇ 'ਆਪ' ਨਾਲ ਜੁੜੇ ਕਈ ਵਰਕਰਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ ਅਤੇ ਇਲਾਕੇ ਅੰਦਰ ਪ੍ਰਧਾਨਗੀਆਂ ਤੇ ਹੋਰ ਅਹੁਦਿਆਂ 'ਤੇ ਬੈਠੇ 'ਆਪ' ਆਗੂ ਪੰਜਾਬ ਅਤੇ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਤਕ ਆਪਣੀ ਪਹੁੰਚ ਲਈ ਕੁਝ ਵੀ ਕਰ ਸਕਣ ਦਾ ਦਮ ਰੱਖਦੇ ਹਨ ਪਰ ਉਹ ਲੋਕਾਂ ਵਿਚ ਜਾਣਾ ਪਸੰਦ ਨਹੀਂ ਕਰਦੇ, ਜਿਸ ਕਰਕੇ ਪਾਰਟੀ ਨਾਲ ਜੁੜੇ ਦੁਖੀ ਵਰਕਰ ਕਿਸੇ ਵੀ ਸਮੇਂ ਪਾਰਟੀ ਦਾ ਸਾਥ ਛੱਡ ਕੇ ਪਟਾਕੇ ਪਾ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸੂਬਾ ਲੀਡਰਸ਼ਿਪ ਸ਼ਹਿਰ ਅਤੇ ਇਲਾਕੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਕੀ ਕੁਝ ਕਰੇਗੀ।