ਅਕਾਲੀ ਦਲ ਮਿਸ਼ਨ-2022 ਦੀ ਸਫਲਤਾ ਲਈ ਹੋਇਆ ਗੰਭੀਰ
Wednesday, Jun 12, 2019 - 10:22 AM (IST)

ਜਲੰਧਰ (ਚੋਪੜਾ)— ਲੋਕ ਸਭਾ ਚੋਣਾਂ 'ਚ ਸਿਰਫ ਬਠਿੰਡਾ ਅਤੇ ਫਿਰੋਜ਼ਪੁਰ ਸੀਟ ਜਿੱਤਣ ਤੋਂ ਬਾਅਦ ਅਕਾਲੀ ਦਲ ਨੇ ਵੀ ਮਿਸ਼ਨ-2022 ਨੂੰ ਸਫਲ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ 'ਚ ਅਕਾਲੀ ਸੁਪਰੀਮੋ ਸੁਖਬੀਰ ਬਾਦਲ ਨੇ ਪ੍ਰਦੇਸ਼ ਦੀਆਂ ਅਕਾਲੀ ਦਲ ਨਾਲ ਸਬੰਧਤ ਸੀਟਾਂ 'ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਕਰਤਾਰਪੁਰ, ਸ਼ਾਹਕੋਟ, ਜਲੰਧਰ ਕੈਂਟ, ਆਦਮਪੁਰ, ਨਕੋਦਰ ਅਤੇ ਫਿਲੌਰ 'ਚ ਪਾਰਟੀ ਕੇਡਰ ਨੂੰ ਮਜ਼ਬੂਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਅਕਾਲੀ ਨੇਤਾਵਾਂ ਦਾ ਪ੍ਰਦਰਸ਼ਨ ਮੁੱਖ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਸਾਰੇ 6 ਹਲਕਿਆਂ ਦਾ ਰਿਪੋਰਟ ਕਾਰਡ ਤਿਆਰ ਕੀਤਾ ਗਿਆ ਹੈ। ਅਕਾਲੀ ਦਲ-ਭਾਜਪਾ ਦੀ ਤਰਜ਼ 'ਤੇ ਸੰਗਠਨ ਨੂੰ ਮਜ਼ਬੂਤ ਕਰੇਗਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਉਮੀਦਵਾਰਾਂ ਨੂੰ ਹੀ ਮੈਦਾਨ ਵਿਚ ਉਤਾਰੇਗਾ। ਇਸੇ ਕੜੀ 'ਚ ਸਭ ਤੋਂ ਪਹਿਲਾਂ ਨੰਬਰ ਸ਼ਾਹਪੁਰ ਅਤੇ ਕਰਤਾਰਪੁਰ ਦਾ ਲੱਗਦਾ ਦਿਸ ਰਿਹਾ ਹੈ। ਸ਼ਾਹਕੋਟ 'ਚ ਸਾਬਕਾ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਤੋਂ ਪਏ ਘਾਟੇ ਨੂੰ ਅਕਾਲੀ ਦਲ ਭਰ ਨਹੀਂ ਸਕਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਕੋਹਾੜ ਦੇ ਦਿਹਾਂਤ ਤੋਂ ਬਾਅਦ ਪਾਰਟੀ ਉਥੋਂ ਪਹਿਲਾਂ ਵਿਧਾਨ ਸਭਾ ਚੋਣਾਂ ਬੁਰੀ ਤਰ੍ਹਾਂ ਹਾਰੀ ਅਤੇ ਹੁਣ ਸਿਰਫ ਸ਼ਾਹਕੋਟ ਹਲਕੇ ਵਿਚ ਮਿਲੀ ਲੀਡ ਦੇ ਬਲ 'ਤੇ ਹੀ ਕਾਂਗਰਸ ਨੇ ਜਿੱਤ ਹਾਸਲ ਕੀਤੀ।
ਕਰਤਾਰਪੁਰ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸਵਰਣ ਸਿੰਘ ਫਿਲੌਰ ਦੇ ਈ. ਡੀ. ਦੇ ਸੰਮਨ ਕਾਰਨ 2017 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਛੱਡ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੀ ਜਗ੍ਹਾ ਕਾਂਗਰਸੀ ਨੇਤਾ ਸੇਠ ਸਤਪਾਲ ਮੱਲ ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾ ਕੇ ਵਿਧਾਨ ਸਭਾ ਚੋਣਾਂ ਲੜਵਾਈਆਂ ਗਈਆਂ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਦਲਿਤ ਨੇਤਾ ਚੌਧਰੀ ਜਗਜੀਤ ਸਿੰਘ ਦੇ ਦਿਹਾਂਤ ਕਾਰਨ ਉਨ੍ਹਾਂ ਦੇ ਲੜਕੇ ਚੌਧਰੀ ਸੁਰਿੰਦਰ ਸਿੰਘ ਨੂੰ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ। ਸੇਠ ਸਤਪਾਲ ਮੱਲ ਦਾ ਲੋਕ ਸਭਾ ਚੋਣਾਂ 'ਚ ਪ੍ਰਦਰਸ਼ਨ ਕੋਈ ਖਾਸ ਨਹੀਂ ਰਿਹਾ। ਬੀ. ਐੱਸ. ਪੀ. ਵੱਲੋਂ ਕਾਂਗਰਸ ਦੇ ਵੋਟ ਬੈਂਕ 'ਚ ਸੰਨ੍ਹ ਲਾਉਣ ਦੇ ਬਾਵਜੂਦ ਮੱਲ ਅਕਾਲੀ ਚਰਨਜੀਤ ਸਿੰਘ ਅਟਵਾਲ ਨੂੰ ਲੀਡ ਨਹੀਂ ਦਿਵਾ ਸਕੇ ਸੀ।
ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਕੈਂਟ ਵਿਚ ਗੁੱਟਬਾਜ਼ੀ ਨੂੰ ਦੂਰ ਕਰਨ ਦੇ ਯਤਨ ਤਾਂ ਕੀਤੇ ਪਰ ਉਸ 'ਚ ਸਫਲ ਨਹੀਂ ਹੋਏ, ਜਿਸ ਕਾਰਨ ਅਕਾਲੀ ਦਲ ਨੂੰ 2422 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਹੁਣ ਪਾਰਟੀ ਨੇ ਇਨ੍ਹਾਂ 3 ਸੀਟਾਂ ਤੋਂ ਮਜ਼ਬੂਤ ਉਮੀਦਵਾਰ ਦੀ ਖੋਜ ਸ਼ੁਰੂ ਕਰ ਦਿੱਤੀ ਹੈ। 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪਵਨ ਟੀਨੂੰ ਲਗਾਤਾਰ ਦੋ ਵਾਰ ਸੀਟ ਤੋਂ ਜਿੱਤ ਹਾਸਲ ਕਰਕੇ ਵਿਧਾਇਕ ਬਣੇ ਹਨ ਪਰ ਲੋਕ ਸਭਾ ਚੋਣਾਂ 'ਚ ਹਲਕੇ ਤੋਂ ਬਸਪਾ ਦੇ ਬਲਵਿੰਦਰ ਕੁਮਾਰ ਨੇ 39,472 ਵੋਟ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅਕਾਲੀ ਦਲ ਨੂੰ ਦੂਜੇ ਨੰਬਰ ਨਾਲ ਸੰਤੁਸ਼ਟ ਹੋਣਾ ਪਿਆ। ਫਿਲੌਰ ਹਲਕੇ 'ਚ ਬਸਪਾ ਕੇਡਰ ਨੇ ਆਪਣਾ ਦਮਖਮ ਦਿਖਾਇਆ ਅਤੇ ਮੌਜੂਦਾ ਵਿਧਾਇਕ ਬਲਦੇਵ ਖਹਿਰਾ ਆਪਣਾ ਕੋਈ ਜਲਵਾ ਨਹੀਂ ਦਿਖਾ ਸਕੇ ਅਤੇ ਕਾਂਗਰਸ ਇਥੋਂ ਸਿਰਫ 1085 ਵੋਟਾਂ ਦੀ ਲੀਡ ਲੈ ਸਕੀ।
ਅਜਿਹਾ ਹੀ ਨਕੋਦਰ 'ਚ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਨੇ ਪਾਰਟੀ ਲਈ ਡਟ ਕੇ ਮਿਹਨਤ ਕੀਤੀ ਪਰ ਇਸਦੇ ਬਾਵਜੂਦ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਨੂੰ 2638 ਵੋਟਾਂ ਦੇ ਵਾਧੇ ਨਾਲ ਸਫਲ ਸਾਬਤ ਹੋ ਗਏ। ਪਾਰਟੀ ਸ਼ਾਹਕੋਟ, ਕਰਤਾਰਪੁਰ ਅਤੇ ਜਲੰਧਰ ਕੈਂਟ 'ਚ ਆਪਣੀ ਵਾਪਸੀ ਦੇ ਯਤਨਾਂ ਨੂੰ ਬਹੁਤ ਸੰਜੀਦਗੀ ਨਾਲ ਲੈ ਰਹੀ ਹੈ, ਜਦਕਿ ਆਦਮਪੁਰ, ਫਿਲੌਰ ਅਤੇ ਨਕੋਦਰ ਵਿਚ ਮੌਜੂਦਾ ਵਿਧਾਇਕਾਂ ਨੂੰ ਸੁਚੇਤ ਕਰਦੇ ਹੋਏ 2022 ਨੂੰ ਚੋਣਾਂ ਦੇ ਹੁਣ ਤੋਂ ਤਿਆਰੀਆਂ ਕਰਨ ਦੇ ਨਿਰਦੇਸ਼ ਦੇਵੇਗੀ।