ਵਿਧਾਨ ਸਭਾ ਹਲਕਾ ਭਦੌੜ ’ਚ ਸਿਆਸੀ ਹਲਚਲ ਹੋਣ ਦੀ ਚਰਚਾ
Wednesday, Sep 29, 2021 - 11:16 AM (IST)
ਤਪਾ ਮੰਡੀ (ਗੋਇਲ): ਵਿਧਾਨ ਸਭਾ ਹਲਕਾ ਭਦੌੜ ’ਚ ਸਿਆਸੀ ਹਲਚਲ ਹੋਣ ਦੀ ਇਸ ਸਮੇਂ ਚਰਚਾ ਪੂਰੇ ਜ਼ੋਰਾਂ ’ਤੇ ਹੈ। ਇਹ ਹਲਕਾ ਰਿਜ਼ਰਵ ਕੈਟਾਗਰੀ ਨਾਲ ਸਬੰਧਤ ਹੈ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਪਿਰਮਲ ਸਿੰਘ ਧੌਲਾ ਵਿਧਾਇਕ ਹਨ ਜੋ ਕੁਝ ਸਮਾਂ ਪਹਿਲਾਂ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਹੁਣ ਇਹ ਚਰਚਾ ਹੈ ਕਿ ਇਕ ਸੀਨੀਅਰ ਆਗੂ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ ਉਹ ਪਾਰਟੀ ਬਦਲ ਸਕਦਾ ਹੈ ਤੇ ਇਸ ਹਲਕੇ ਤੋਂ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਬਣ ਕੇ ਵਿਧਾਇਕ ਦੀ ਚੋਣ ਲੜ ਸਕਦਾ ਹੈ। ਇਸ ਵੇਲੇ ਆਮ ਆਦਮੀ ਪਾਰਟੀ ਨੇ ਲਾਭ ਸਿੰਘ ਉਗੋਕੇ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਤੇ ਪਾਰਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਲਕਾ ਇੰਚਾਰਜ ਆਪਣੇ ਆਪ ਨੂੰ ਉਮੀਦਵਾਰ ਨਾ ਸਮਝਣ। ਉਨ੍ਹਾਂ ਦੀ ਹਲਕੇ ਅੰਦਰ ਕਾਰਗੁਜ਼ਾਰੀ ਦੇਖਣ ਤੋਂ ਬਾਅਦ ਹੀ ਉਮੀਦਵਾਰ ਬਣਾਇਆ ਜਾਣਾ ਹੈ।
ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਦਰਬਾਰਾ ਸਿੰਘ ਗੁਰੂ ਚੋਣ ਲੜੇ ਸਨ ਤੇ ਉਸ ਮੌਕੇ ਪੰਜਾਬ ’ਚ ਅਕਾਲੀ ਭਾਜਪਾ ਸਰਕਾਰ ਸੀ ਤੇ ਉਹ ਕਈ ਸਾਲ ਹਲਕਾ ਇੰਚਾਰਜ ਵੱਲੋਂ ਵਿਚਰ ਕੇ ਲੋਕਾਂ ਦੇ ਕੰਮਕਾਰ ਕਰਵਾਉਂਦੇ ਰਹੇ ਪਰ ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਨੇ ਬਲਵੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾ ਦਿੱਤਾ ਪਰ ਉਹ ਜਿੱਤ ਨਾ ਸਕੇ ਤੇ ਫੇਰ ਥੋੜੇ ਸਮੇਂ ਬਾਅਦ ਹੀ ਬਲਵੀਰ ਸਿੰਘ ਘੁੰਨਸ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਭੇਜ ਦਿੱਤਾ ਗਿਆ ਤੇ ਇੱਥੇ ਐਡਵੋਕੇਟ ਸਤਨਾਮ ਸਿੰਘ ਰਾਹੀ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਵਜੋਂ ਉਮੀਦਵਾਰ ਬਣ ਕੇ ਚੋਣ ਪ੍ਰਚਾਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਸ ਵਿਧਾਨ ਸਭਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਨੂੰ ਭੇਜਿਆ ਸੀ ਉਹ ਹਲਕਾ ਗਠਜੋੜ ਮੁਤਾਬਕ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਜਿੱਥੇ ਸੰਤ ਬਲਵੀਰ ਸਿੰਘ ਘੁੰਨਸ ਹਲਕਾ ਇੰਚਾਰਜ ਸਨ ਉਹ ਹਲਕਾ ਬੀ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਈ ਆ ਗਿਆ ਹੈ, ਜਿਸ ਕਾਰਨ ਇਹ ਚਰਚਾ ਹੈ ਕਿ ਦਰਬਾਰਾ ਸਿੰਘ ਗੁਰੂ ਅਤੇ ਬਲਵੀਰ ਸਿੰਘ ਘੁੰਨਸ ਨੂੰ ਟਿਕਟ ਮਿਲਣੀ ਮੁਸ਼ਕਲ ਲੱਗ ਰਹੀ ਹੈ। ਹੁਣ ਤੱਕ ਦੀ ਤਾਜ਼ਾ ਚਰਚਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਇਕ ਆਗੂ ਆਮ ਆਦਮੀ ਪਾਰਟੀ ਦੇ ਇਕ ਵੱਡੇ ਲੀਡਰ ਦੇ ਸੰਪਰਕ ’ਚ ਲਗਾਤਾਰ ਬਣਿਆ ਹੋਇਆ ਹੈ ਤੇ ਉਹ ਕਿਸੇ ਵੀ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਦਾ ਪੱਲਾ ਫੜ ਸਕਦਾ ਹੈ ਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਉਮੀਦਵਾਰ ਵੀ ਬਣ ਸਕਦਾ ਹੈ। ਕੀ ਹੋਵੇਗਾ ਇਹ ਤਾਂ ਹਾਲੇ ਸਮਾਂ ਹੀ ਦੱਸੇਗਾ ਪਰ ਚਰਚਾ ਇਸ ਗੱਲ ਦੀ ਹੈ ਕਿ ਹਲਕਾ ਭਦੌੜ ’ਚ ਛੇਤੀ ਹੀ ਇਕ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ।