ਸਪੀਕਰ ਕੁਲਤਾਰ ਸੰਧਵਾਂ ਵਲੋਂ ਵਿਧਾਨ ਸਭਾ ’ਚ ਹੋਈਆਂ ਭਰਤੀਆਂ ਸੰਬੰਧੀ ਜਾਂਚ ਦੇ ਦਿੱਤੇ ਹੁਕਮ

Friday, Apr 29, 2022 - 03:21 PM (IST)

ਸਪੀਕਰ ਕੁਲਤਾਰ ਸੰਧਵਾਂ ਵਲੋਂ ਵਿਧਾਨ ਸਭਾ ’ਚ ਹੋਈਆਂ ਭਰਤੀਆਂ ਸੰਬੰਧੀ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ’ਚ ਹੋਈਆਂ ਭਰਤੀਆਂ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਹਨ। ਸਪੀਕਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਵਿਚ ਜਿੰਨੀਆਂ ਵੀ ਭਰਤੀਆਂ ਹੋਈਆਂ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਦਰਅਸਲ ਪੰਜਾਬ ਦੇ ਖਣਨ ਤੇ ਕਾਨੂੰਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿਛਲੇ ਦਿਨਾਂ ਦੌਰਾਨ ਇਹ ਮਾਮਲਾ ਜਨਤਕ ਕੀਤਾ ਗਿਆ ਸੀ। ਮੰਤਰੀ ਨੇ ਦਾਅਵਾ ਕੀਤਾ ਸੀ ਕਿ ਵਿਧਾਨ ਸਭਾ ਵਿਚ ਸਾਲ 2017 ਤੋਂ 2022 ਵਿਚਾਲੇ 5 ਸਾਲਾਂ ਦੌਰਾਨ 170 ਦੇ ਕਰੀਬ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਭਰਤੀਆਂ ਦੌਰਾਨ ਰਾਖਵਾਂਕਰਨ ਅਤੇ ਹੋਰ ਨਿਯਮਾਂ ਨੂੰ ਨਜ਼ਰ-ਅੰਦਾਜ਼ ਕਰਕੇ ਮਹਿਜ਼ ਸਿਫਾਰਸ਼ਾਂ ਹੀ ਦੇਖੀਆਂ ਗਈਆਂ। ਸੱਤਾਧਾਰੀ ਧਿਰ ਦੇ ਕਈ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਨ੍ਹਾਂ ਭਰਤੀਆਂ ਵਿਚ ਕਈ ਵਿਅਕਤੀ ਸਾਬਕਾ ਮੰਤਰੀਆਂ ਅਤੇ ਹੋਰਨਾਂ ਰਸੂਖਦਾਰਾਂ ਦੇ ਘਰਾਂ ਵਿਚ ਹੀ ਕੰਮ ਕਰਦੇ ਸਨ ਤੇ ਇਨ੍ਹਾਂ ਨੂੰ ਵਿਧਾਨ ਸਭਾ ’ਚ ਸਰਕਾਰੀ ਨੌਕਰੀਆਂ ਦੇ ਦਿੱਤੀਆਂ ਗਈਆਂ ਹਨ। ਵਿਧਾਨ ਸਭਾ ’ਚ ਭਰਤੀਆਂ ਸਬੰਧੀ ਜੋ ਅੰਕੜਾ ਜਨਤਕ ਕੀਤਾ ਗਿਆ ਸੀ ਉਸ ਮੁਤਾਬਕ ਇਸ ਅਰਸੇ ਦੌਰਾਨ ਕਲਰਕ, ਸਹਾਇਕ ਕਲਰਕ, ਚੌਕੀਦਾਰ, ਚਪੜਾਸੀ, ਸਫ਼ਾਈ ਸੇਵਕ, ਰਿਪੋਰਟਰ, ਸਹਾਇਕ ਲਾਇਬ੍ਰੇਰੀਅਨ, ਸਹਾਇਕ ਪ੍ਰੋਗਰਾਮਰ, ਡਾਟਾ ਐਂਟਰੀ ਅਪਰੇਟਰ, ਕਾਪੀ ਹੋਲਡਰ, ਕਾਨੂੰਨ ਅਫ਼ਸਰ ਅਤੇ ਜੂਨੀਅਰ ਟਰਾਂਸਲੇਟਰ ਆਦਿ ਦੀਆਂ ਅਸਾਮੀਆਂ ’ਤੇ ਭਰਤੀਆਂ ਹੋਈਆਂ ਸਨ।

ਅਖ਼ਬਾਰੀ ਰਿਪੋਰਟਾਂ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਭਤੀਜੀ ਕੁੱਕ ਵਜੋਂ ਨੌਕਰੀ ਕਰਦੀ ਸੀ ਅਤੇ ਉਸ ਨੂੰ  50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਸੀ। ਇਸ ਤੋਂ ਬਾਅਦ ਉਹ ਵਿਧਾਨ ਸਭਾ 'ਚ ਕਲਰਕ ਵਜੋਂ ਨਿਯੁਕਤ ਹੋ ਗਈ। ਹਾਈ ਪ੍ਰੋਫਾਈਲ ਨਾਲ ਸੰਬੰਧ ਰੱਖਣ ਵਾਲਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਿਕਾਇਤ ਵਿਚ ਇਹ ਦੱਸਿਆ ਗਿਆ ਹੈ ਕਿ ਵਿਧਾਨ ਸਭਾ ਦੇ ਜ਼ਿਆਦਾਤਰ ਮੈਂਬਰ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਸ਼ਿਫਾਰਸ਼ 'ਤੇ ਤਾਇਨਾਤ ਕੀਤੇ ਗਏ ਸੀ ਜਿਸ ਵਿਚ ਉਸਦੇ ਰਿਸ਼ਤੇਦਾਰ ਨੂੰ ਕਲਰਕ ਵਜੋਂ ਚੁਣਿਆ ਗਿਆ ਸੀ। ਇਥੇ ਹੀ ਬਸ ਨਹੀਂ ਵਿਧਾਨ ਸਭਾ ਦੇ ਸਪੀਕਰ ਨੂੰ ਜਿਹੜੀ ਸ਼ਿਕਾਇਤ ਮਿਲੀ ਹੈ, ਉਸ ਵਿਚ ਕਾਂਗਰਸ ਦੇ ਰਾਜ ਸਮੇਂ ਸਪੀਕਰ ਰਾਣਾ ਕੇ. ਪੀ. ਸਿੰਘ, ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਸਿਫਾਰਸ਼ਾਂ ’ਤੇ ਭਰਤੀਆਂ ਹੋਣ ਅਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਹਨ। ਹਰਜੋਤ ਬੈਂਸ ਨੇ ਦੋਸ਼ ਲਾਇਆ ਕਿ ਭਰਤੀ ਕਰਨ ਲਈ ਨਿਯਮਾਂ ਨੂੰ ਨੁੱਕਰੇ ਰੱਖ ਕੇ ਇਕ ਅਪਾਇੰਟਮੈਂਟ ਸੈੱਲ ਬਣਾਇਆ ਗਿਆ ਅਤੇ ਉਸ ਅਧੀਨ ਇਕ ਕਮੇਟੀ ਬਣਾਈ ਗਈ। ਇਸ ਕਮੇਟੀ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਕਾਂਗਰਸ ਦੇ ਪ੍ਰਭਾਵ ਹੇਠ ਕਾਰਜ ਕੀਤਾ ਅਤੇ ਨਿਯੁਕਤੀ ਪੱਤਰਾਂ ’ਤੇ ਹਸਤਾਖ਼ਰ ਕੀਤੇ।

ਕੀ ਕਹਿਣਾ ਹੈ ਸਾਬਕਾ ਸਪੀਕਰ ਦਾ
ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਵਿਧਾਨ ਸਭਾ ਵਿਚ ਭਰਤੀ ਦੌਰਾਨ ਨਿਯਮਾਂ ਨੂੰ ਅੱਖੋਂ-ਪਰੋਖੇ ਕਰਨ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਕ ਵੀ ਭਰਤੀ ਨਿਯਮਾਂ ਤੋਂ ਬਾਹਰ ਜਾ ਕੇ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਪੜਤਾਲ ਦੌਰਾਨ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਭਰਤੀ ਕਰਨ ਦਾ ਮਾਮਲਾ ਸਾਬਤ ਹੋ ਜਾਵੇ ਤਾਂ ਹਮੇਸ਼ਾ ਲਈ ਸਿਆਸਤ ਛੱਡਣ ਲਈ ਤਿਆਰ ਹਨ।


author

Gurminder Singh

Content Editor

Related News